ਜਲੰਧਰ ਦੇ ਨਿਗਮ ਕਮਿਸ਼ਨਰ ਕਿਊ ਬਦਲੇ ਜਾਂਦੇ .....
,,ਜਲੰਧਰ , ਲੋਕ ਬਾਣੀ -- ਜਲੰਧਰ ਚ ਵਾਰ-ਵਾਰ ਤਬਾਦਲਿਆਂ ਨਾਲ ਨਿਗਮ ਦੀ ਕਾਰਜਪ੍ਰਣਾਲੀ ’ਤੇ ਅਸਰ ਆਖ਼ਰ ਕਿਊ ਬਦਲਿਆ ਜਾਂਦਾ ਹੈ ਇਹ ਵੱਡਾ ਅਧਿਕਾਰੀ ਜਲੰਧਰ ਨਗਰ ਨਿਗਮ ਵਿਚ ਕਮਿਸ਼ਨਰਾਂ ਦੇ ਲਗਾਤਾਰ ਤਬਾਦਲੇ ਹੁਣ ਚਰਚਾ ਦਾ ਵਿਸ਼ਾ ਬਣ ਗਏ ਹਨ। ਸਾਢੇ 4 ਸਾਲਾਂ ਦੌਰਾਨ 10 ਕਮਿਸ਼ਨਰਾਂ ਦੇ ਤਬਾਦਲੇ ਨਾਲ ਜਿਥੇ ਨਿਗਮ ਦੇ ਪ੍ਰਸ਼ਾਸਨਿਕ ਕੰਮਕਾਜ ’ਤੇ ਅਸਰ ਪਿਆ ਹੈ, ਉਥੇ ਹੀ ਵੱਖ-ਵੱਖ ਵਿਕਾਸ ਕਾਰਜਾਂ ਅਤੇ ਪੈਂਡਿੰਗ ਮਾਮਲਿਆਂ ਦੀ ਰਫਤਾਰ ਵੀ ਪ੍ਰਭਾਵਿਤ ਹੁੰਦੀ ਰਹੀ ਹੈ। ਨਿਗਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਨਵੇਂ ਕਮਿਸ਼ਨਰ ਨੂੰ ਨਿਗਮ ਦੀ ਕਾਰਜਪ੍ਰਣਾਲੀ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਾਰਜਸ਼ੈਲੀ ਅਤੇ ਸ਼ਹਿਰ ਦੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਸਮਝਣ ਵਿਚ ਸਮਾਂ ਲੱਗਦਾ ਹੈ। ਇਸ ਦੇ ਇਲਾਵਾ ਸਥਾਨਕ ਸਿਆਸੀ ਆਗੂਆਂ ਅਤੇ ਹੋਰ ਪ੍ਰਭਾਵਸ਼ਾਲੀ ਲੋਕਾਂ ਦੇ ਨਾਲ ਪ੍ਰਸ਼ਾਸਨਿਕ ਤਾਲਮੇਲ ਬਣਾਉਣ ਵਿਚ ਵੀ ਕੁਝ ਸਮਾਂ ਲੱਗ ਜਾਂਦਾ ਹੈ। ਅਜਿਹੇ ਵਿਚ ਜੇਕਰ ਅਧਿਕਾਰੀ ਨੂੰ ਥੋੜ੍ਹੇ ਸਮੇਂ ਬਾਅਦ ਹੀ ਬਦਲ ਦਿੱਤਾ ਜਾਵੇ ਤਾਂ ਉਸ ਵੱਲੋਂ ਤਿਆਰ ਕੀਤੀਆਂ ਗਈਆਂ ਯੋਜਨਾਵਾਂ ਅਤੇ ਲਏ ਗਏ ਫੈਸਲਿਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਮੌਕਾ ਨਹੀਂ ਮਿਲ ਪਾਉਂਦਾ। ਉਥੇ ਹੀ, ਨਵੇਂ ਅਧਿਕਾਰੀ ਦੇ ਆਉਣ ਦੇ ਬਾਅਦ ਉਸ ਨੂੰ ਵੀ ਨਿਗਮ ਦੀ ਪੂਰੀ ਵਿਵਸਥਾ ਸਮਝਣ ਵਿਚ ਸ਼ੁਰੂਆਤੀ ਸਮਾਂ ਲੱਗ ਜਾਂਦਾ ਹੈ। ਇਸ ਦਾ ਸਿੱਧਾ ਅਸਰ ਨਗਰ ਨਿਗਮ ਦੀ ਰੋਜ਼ਮੱਰਾ ਦੀ ਕਾਰਜਪ੍ਰਣਾਲੀ ਅਤੇ ਸ਼ਹਿਰ ਨਾਲ ਜੁੜੇ ਵਿਕਾਸ ਕਾਰਜਾਂ ’ਤੇ ਪੈ ਸਕਦਾ ਹੈ।
ਮਾਰਚ 2022 ਤੋਂ ਹੁਣ ਤੱਕ ਜਲੰਧਰ ਨਿਗਮ ਦੇ ਕਮਿਸ਼ਨਰਾਂ ਦਾ ਸਫ਼ਰ
-ਕਰਨੇਸ਼ ਸ਼ਰਮਾ : 16 ਮਾਰਚ 2022 ਤੋਂ 5 ਮਈ 2022 ਤਕ-50 ਦਿਨ
-ਦੀਪਸ਼ਿਖਾ ਸ਼ਰਮਾ : 5 ਮਈ 2022 ਤੋਂ 8 ਜੁਲਾਈ 2022 ਤਕ-64 ਦਿਨ
-ਦਵਿੰਦਰ ਸਿੰਘ : 8 ਜੁਲਾਈ 2022 ਤੋਂ 2 ਨਵੰਬਰ 2022 ਤਕ-117 ਦਿਨ
-ਅਭਿਜੀਤ ਕਪਲਿਸ਼ : 3 ਨਵੰਬਰ 2022 ਤੋਂ 11 ਅਗਸਤ 2023 ਤਕ-281 ਦਿਨ
-ਰਿਸ਼ੀਪਾਲ ਸਿੰਘ : 11 ਅਗਸਤ 2023 ਤੋਂ 17 ਨਵੰਬਰ 2023 ਤਕ-98 ਦਿਨ
-ਕਮਿਸ਼ਨਰ ਅਹੁਦਾ ਖਾਲੀ : 18 ਨਵੰਬਰ 2023 ਤੋਂ 10 ਦਸੰਬਰ 2023 ਤਕ-23 ਦਿਨ
-ਆਦਿੱਤਿਆ ਉੱਪਲ : 11 ਦਸੰਬਰ 2023 ਤੋਂ 31 ਜਨਵਰੀ 2024 ਤਕ-51 ਦਿਨ
-ਗੌਤਮ ਜੈਨ : 2 ਫਰਵਰੀ 2024 ਤੋਂ 22 ਅਗਸਤ 2025 ਤਕ-567 ਦਿਨ
-ਸੰਦੀਪ ਰਿਸ਼ੀ : 25 ਅਗਸਤ 2025 ਤੋਂ 9 ਜੁਲਾਈ 2026 ਤਕ-318 ਦਿਨ
-ਨਿਕਾਸ ਕੁਮਾਰ : 10 ਜੁਲਾਈ 2026 ਤੋਂ 11 ਅਗਸਤ 2026 ਤਕ-32 ਦਿਨ
-ਸੰਦੀਪ ਰਿਸ਼ੀ : 12 ਅਗਸਤ 2026 ਤੋਂ 7 ਸਤੰਬਰ 2026 ਤਕ-27 ਦਿਨ
ਹੁਣ ਸ਼ਹਿਰ ਵਾਸੀਆਂ ਅਤੇ ਨਿਗਮ ਅਧਿਕਾਰੀਆਂ ਦੀ ਨਜ਼ਰ ਇਸ ਗੱਲ ’ਤੇ ਰਹੇਗੀ ਕਿ ਨਵੇਂ ਕਮਿਸ਼ਨਰ ਸੁਰਿੰਦਰ ਸਿੰਘ ਨਿਗਮ ਦੇ ਪੈਂਡਿੰਗ ਪ੍ਰਾਜੈਕਟਾਂ, ਸਫਾਈ ਵਿਵਸਥਾ, ਗੈਰਕਾਨੂੰਨੀ ਉਸਾਰੀ, ਟ੍ਰੈਫਿਕ ਅਤੇ ਪਾਰਕਿੰਗ ਸਮੇਤ ਸ਼ਹਿਰ ਦੀਆਂ ਹੋਰ ਪ੍ਰਮੁੱਖ ਸਮੱਸਿਆਵਾਂ ਨੂੰ ਕਿਸ ਤਰ੍ਹਾਂ ਪਹਿਲ ਦਿੰਦੇ ਹਨ ਅਤੇ ਕਿੰਨੇ ਸਮੇਂ ਤਕ ਨਿਗਮ ਦੀ ਕਮਾਨ ਸੰਭਾਲਦੇ ਹਨ।
