ਜਲੰਧਰ ਦੇ ਇਸ ਪ੍ਰਾਈਵੇਟ ਹਸਪਤਾਲ ਦਾ ਕਾਰਨਾਮਾ ਪੜ੍ਹੋ
ਜਲੰਧਰ, ਲੋਕ ਬਾਣੀ --ਜਲੰਧਰ ਦੇ ਪ੍ਰਾਈਵੇਟ Shriram Hospital ‘ਚ ਦੇਰ ਰਾਤ ਭਾਰੀ ਹੰਗਾਮਾ ਹੋਇਆ। ਸਿਵਲ ਹਸਪਤਾਲ ਤੋਂ ਝਾਂਸਾ ਦੇ ਕੇ ਲਿਆਂਦੀ ਗਈ 18 ਸਾਲਾ TB ਪੀੜਤ ਕੁੜੀ ਪ੍ਰੀਤੀ ਦੇ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਾਏ ਹਨ। ਪੀੜਤ ਮਾਂ ਸਬੀਨਾ ਦਾ ਰੋ-ਰੋ ਕੇ ਬੁਰਾ ਹਾਲ ਹੈ, ਪਰਿਵਾਰ ਦਾ ਦੋਸ਼ ਹੈ ਕਿ ਹਸਪਤਾਲ ਨੇ ਉਨ੍ਹਾਂ ਦੀ ਧੀ ਨੂੰ ਬਿੱਲ ਦੀ ਵਸੂਲੀ ਲਈ ਬੰਧਕ ਬਣਾਇਆ ਹੋਇਆ ਹੈ ਅਤੇ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ। ਮਾਮਲਾ ਵੱਧਦਾ ਦੇਖ ਪਰਿਵਾਰ ਨੇ 112 ‘ਤੇ ਪੁਲਿਸ ਬੁਲਾ ਲਈ।ਪੀੜਤ ਮਾਂ ਸਬੀਨਾ ਨੇ ਦੱਸਿਆ ਕਿ ਉਹ ਆਪਣੀ ਧੀ ਪ੍ਰੀਤੀ ਨੂੰ 4 ਦਿਨ ਪਹਿਲਾਂ ਰੁਟੀਨ ਚੈਕਅੱਪ ਲਈ ਸਰਕਾਰੀ ਸਿਵਲ ਹਸਪਤਾਲ ਲੈ ਕੇ ਗਈ ਸੀ। ਉੱਥੇ ਕੁਝ ਦਲਾਲਾਂ ਨੇ ਉਸਨੂੰ ਬਹਿਲਾ-ਫੁਸਲਾ ਕੇ ਪ੍ਰਾਈਵੇਟ Shriram Hospital ਭੇਜ ਦਿੱਤਾ। ਮਾਂ ਨੇ ਪਹਿਲੇ ਦਿਨ ਹੀ ਡਾਕਟਰਾਂ ਨੂੰ ਕਹਿ ਦਿੱਤਾ ਸੀ ਕਿ ਉਹ ਗਰੀਬ ਹਨ, ਬਿੱਲ ਨਹੀਂ ਭਰ ਸਕਦੇ, ਫਿਰ ਵੀ ਹਸਪਤਾਲ ਨੇ ਕੁੜੀ ਨੂੰ ਦਾਖਲ ਕਰ ਲਿਆ ਅਤੇ 4 ਦਿਨਾਂ ‘ਚ 46 ਹਜ਼ਾਰ ਰੁਪਏ ਦਾ ਬਿੱਲ ਬਣਾ ਦਿੱਤਾ।ਜਦੋਂ ਪਰਿਵਾਰ ਨੇ ਪੈਸੇ ਨਾ ਹੋਣ ਦੀ ਗੱਲ ਕਹਿ ਕੇ ਧੀ ਨੂੰ ਡਿਸਚਾਰਜ ਕਰਨ ਦੀ ਗੁਹਾਰ ਲਾਈ ਤਾਂ ਹਸਪਤਾਲ ਸਟਾਫ ਨੇ ਮਨੁੱਖਤਾ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਮਾਂ ਦਾ ਦੋਸ਼ ਹੈ ਕਿ ਡਾਕਟਰਾਂ ਅਤੇ ਸਟਾਫ ਨੇ ਨਾ ਸਿਰਫ ਉਨ੍ਹਾਂ ਨਾਲ ਗਾਲੀ-ਗਲੋਚ ਅਤੇ ਧੱਕਾ-ਮੁੱਕੀ ਕੀਤੀ, ਸਗੋਂ ਅੰਦਰ ਦਾਖਲ 18 ਸਾਲਾ ਬਿਮਾਰ ਕੁੜੀ ਨਾਲ ਵੀ ਕੁੱਟਮਾਰ ਕੀਤੀ ਗਈ। ਪਰਿਵਾਰ ਨੂੰ ਪਿਛਲੇ ਕਈ ਘੰਟਿਆਂ ਤੋਂ ਧੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਅਣਹੋਣੀ ਦਾ ਡਰ ਸਤਾ ਰਿਹਾ ਹੈ।ਸੂਚਨਾ ਮਿਲਦੇ ਹੀ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਸਿਰਫ ਇੱਕ ਹਸਪਤਾਲ ਦਾ ਨਹੀਂ, ਸਗੋਂ ਸਿਵਲ ਹਸਪਤਾਲ ‘ਚ ਸਰਗਰਮ ਦਲਾਲਾਂ ਦੇ ਉਸ ਨੈਕਸਸ ਦਾ ਹੈ ਜੋ ਗਰੀਬ ਮਰੀਜ਼ਾਂ ਨੂੰ ਸਰਕਾਰੀ ਸਹੂਲਤਾਂ ਤੋਂ ਵਾਂਝੇ ਰੱਖ ਕੇ ਪ੍ਰਾਈਵੇਟ ਹਸਪਤਾਲਾਂ ਦੇ ਜਾਲ ‘ਚ ਫਸਾਉਂਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਉੱਠ ਰਹੀ ਹੈ ਕਿ Shriram Hospital ਦਾ ਲਾਇਸੈਂਸ ਚੈੱਕ ਕੀਤਾ ਜਾਵੇ ਅਤੇ ਦੋਸ਼ੀ ਡਾਕਟਰਾਂ ‘ਤੇ ਬੰਧਕ ਬਣਾਉਣ ਅਤੇ ਕੁੱਟਮਾਰ ਦਾ ਪਰਚਾ ਦਰਜ ਹੋਵੇ।
