ਪੰਜਾਬ ਦੀ ਵੋਟਰ ਸੂਚੀ ’ਚੋਂ 20.66 ਲੱਖ ਵੋਟਾਂ ਦੀ ਹੋਈ ਕਟੌਤੀ
ਦਿੱਲੀ -- ਲੋਕ ਬਾਣੀ --: ਭਾਰਤੀ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਦੌਰਾਨ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਲਈ ਵੋਟਰ ਸੂਚੀ ਦਾ ਖਰੜਾ ਜਾਰੀ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਗਣਨਾ ਫਾਰਮ ਨਾ ਭਰਨ ਵਾਲੇ 20.66 ਲੱਖ ਵੋਟਰਾਂ ਦਾ ਨਾਮ ਖਰੜੇ ’ਚੋਂ ਬਾਹਰ ਕਰ ਦਿੱਤੇ ਹਨ। ਇਨ੍ਹਾਂ ਵਿੱਚੋਂ 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ, 1.19 ਲੱਖ ਵੋਟਾਂ ਡੁਪਲੀਕੇਟ ਹਨ, 9.44 ਲੱਖ ਵੋਟਰ ਸ਼ਿਫਟ ਹੋ ਚੁੱਕੇ ਹਨ ਅਤੇ 4.12 ਲੱਖ ਵੋਟਰਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਚੋਣ ਕਮਿਸ਼ਨ 12 ਅਕਤੂਬਰ ਨੂੰ ਅੰਤਿਮ ਵੋਟਰ ਸੂਚੀ ਜਾਰੀ ਕਰੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਜੂਨ 2026 ਦੌਰਾਨ ਐੱਸ ਆਈ ਆਰ ਦਾ ਕੰਮ ਸ਼ੁਰੂ ਕਰਨ ਮੌਕੇ ਵੋਟਰਾਂ ਦੀ ਕੁੱਲ ਗਿਣਤੀ 2.14 ਕਰੋੜ ਦਰਜ ਕੀਤੀ ਗਈ ਸੀ ਜੋ ਐੱਸ ਆਈ ਆਰ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਘਟ ਕੇ ਹੁਣ 1.93 ਕਰੋੜ ਰਹਿ ਗਈ ਹੈ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਅੱਜ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਵੋਟਰ ਸੂਚੀ ਦੇ ਖਰੜੇ ਦੀਆਂ ਕਾਪੀਆਂ ਸੌਂਪੀ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਦਾ ਖਰੜਾ ਸੀ ਈ ਓ ਪੰਜਾਬ ਦੀ ਵੈੱਬਸਾਈਟ ਅਤੇ ਸਿਟੀਜ਼ਨ ਪੋਰਟਲ ’ਤੇ ਮੌਜੂਦ ਹੈ । ਜਿਨ੍ਹਾਂ ਨਾਗਰਿਕਾਂ ਦੇ ਨਾਮ ਵੋਟਰ ਸੂਚੀ ਦੇ ਖਰੜੇ ਵਿੱਚ ਨਹੀਂ ਹਨ, ਉਹ 13 ਅਗਸਤ 2026 ਤੋਂ 12 ਸਤੰਬਰ, 2026 ਤੱਕ ਦਾਅਵੇ ਅਤੇ ਇਤਰਾਜ਼ ਦੇ ਸਕਦੇ ਹਨ । ਵੋਟਰਾਂ ਦੀ ਸਹੂਲਤ ਲਈ 16 ਅਗਸਤ ਨੂੰ ਸਾਰੇ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ।
