ਕੌਕਰੋਚ ਜਨਤਾ ਪਾਰਟੀ ਨੇ ਨਵੀ ਮੁਹਿੰਮ ਦਾ ਐਲਾਨ ਕੀਤਾ
ਦਿੱਲੀ ਲੋਕ ਬਾਣੀ -- ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਬਾਨੀ ਅਭਿਜੀਤ ਦੀਪਕੇ ਨੇ ਪਿੰਡਾਂ ਦੇ ਸਰਕਾਰੀ ਸਕੂਲਾਂ ’ਚ ਸੁਧਾਰ ਲਈ ਦੇਸ਼ ਵਿਆਪੀ ਮੁਹਿੰਮ ਦਾ ਐਲਾਨ ਕੀਤਾ ਹੈ, ਜਿਸ ਵਿੱਚ ਮਾਪਿਆਂ ਨੂੰ ਬੁਨਿਆਦੀ ਸਹੂਲਤਾਂ ਦਾ ਲੇਖਾ-ਜੋਖਾ ਕਰਨ ਅਤੇ ਸਰਪੰਚਾਂ ਨੂੰ ਇਨ੍ਹਾਂ ਸੰਸਥਾਵਾਂ ਨੂੰ ਸੁਧਾਰਨ ਦਾ ਕੰਮ ਆਪਣੇ ਹੱਥ ਵਿੱਚ ਲੈਣ ਦੀ ਅਪੀਲ ਕੀਤੀ ਗਈ ਹੈ। ਇਹ ਮੁਹਿੰਮ 15 ਅਗਸਤ ਨੂੰ ਸ਼ੁਰੂ ਕੀਤੀ ਜਾਵੇਗੀ, ਜਿਸ ਵਿੱਚ ਸੀ ਜੇ ਪੀ ਨੇ ਨਾਗਰਿਕਾਂ, ਮਾਪਿਆਂ ਅਤੇ ਪਿੰਡ ਦੇ ਆਗੂਆਂ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ‘ਪੇਂਡੂ ਵਿਦਿਅਕ ਬੁਨਿਆਦੀ ਢਾਂਚੇ ਦੀ ਅਣਦੇਖੀ’ ਦੇ ਹੱਲ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ। ਇੱਕ ਵੀਡੀਓ ਸੁਨੇਹੇ ਵਿੱਚ, ਦੀਪਕੇ ਨੇ ਕਿਹਾ ਕਿ ਉਹ ਮਹਾਰਾਸ਼ਟਰ ਵਿੱਚ ਆਪਣੇ ਪਿੰਡ ਹਿੰਗੋਲੀ ਤੋਂ ਇਸ ਪਹਿਲਕਦਮੀ ਦੀ ਸ਼ੁਰੂਆਤ ਉੱਥੋਂ ਦੇ ਸਰਪੰਚ ਕੋਲ ਜਾ ਕੇ ਉੱਥੇ ਸਥਿਤ ਸਰਕਾਰੀ ਸਕੂਲਾਂ ਨੂੰ ਸੁਧਾਰਨ ਦੀ ਬੇਨਤੀ ਨਾਲ ਕਰਨਗੇ। ਦੀਪਕੇ ਨੇ ਕਿਹਾ, ‘‘ਆਉਣ ਵਾਲੀ 15 ਅਗਸਤ ਸਾਡਾ 80ਵਾਂ ਆਜ਼ਾਦੀ ਦਿਹਾੜਾ ਹੈ। ਪਰ, ਜੇ ਪਿਛਲੇ 80 ਸਾਲਾਂ ਵਿੱਚ ਕਿਸੇ ਚੀਜ਼ ਨੂੰ ਸਭ ਤੋਂ ਵੱਧ ਅਣਗੌਲਿਆ ਗਿਆ ਹੈ, ਤਾਂ ਉਹ ਸਾਡੇ ਪਿੰਡਾਂ ਦੇ ਸਰਕਾਰੀ ਸਕੂਲ ਹਨ।’’ ਦੀਪਕੇ ਨੇ ਕਿਹਾ ਕਿ ਪਿੰਡਾਂ ਦੇ ਬੱਚਿਆਂ ਨੂੰ ਅਜੇ ਵੀ ਸਕੂਲ ਜਾਣ ਲਈ ਲੰਮੀਆਂ ਦੂਰੀਆਂ ਤੈਅ ਕਰਨੀਆਂ ਪੈਂਦੀਆਂ ਹਨ ਅਤੇ ਉੱਥੇ ਪਹੁੰਚਣ ’ਤੇ ਉਨ੍ਹਾਂ ਨੂੰ ਅਕਸਰ ਪੀਣ ਵਾਲੇ ਪਾਣੀ ਅਤੇ ਪਖਾਨੇ ਵਰਗੀਆਂ ਬੁਨਿਆਦੀ ਸਹੂਲਤਾਂ ਨਹੀਂ ਮਿਲਦੀਆਂ।
Politics
