ਪੰਜਾਬ ਚ ਕਾਨੂੰਨ ਵਿਵਸਥਾ ਦਾ ਹਾਲ ਬੁਰਾ ਪੜੋ ਤਾਜਾ ਮਾਮਲਾ
..ਸੁਲਤਾਨਪੁਰ, ਲੋਕ ਬਾਣੀ --ਕਪੂਰਥਲਾ ਦੇ ਸੁਲਤਾਨਪੁਰ ਲੋਧੀ ਥਾਣਾ ਖੇਤਰ ਵਿੱਚ ਨਾਕਾਬੰਦੀ ਦੌਰਾਨ ਪੁਲਸ ਟੀਮ 'ਤੇ ਇਕ ਚਿੱਟੇ ਰੰਗ ਦੀ ਸਵਿੱਫਟ ਕਾਰ ਚੜ੍ਹਾ ਕੇ ਉਨ੍ਹਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਕਾਰ ਦਾ ਪਿੱਛਾ ਕਰਕੇ ਪਿੰਡ ਸਿੱਧਪੁਰ ਨੇੜੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਹੈ, ਜਦਕਿ ਉਸ ਦੇ ਤਿੰਨ ਸਾਥੀ ਫਰਾਰ ਹੋਣ 'ਚ ਕਾਮਯਾਬ ਹੋ ਗਏ।ਨਾਕਾਬੰਦੀ ਦੌਰਾਨ ਵਾਪਰਿਆ ਹਾਦਸਾ
ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. , ਐੱਸ. ਆਈ. ਦਵਿੰਦਰ ਪਾਲ ਨੇ ਦੱਸਿਆ ਕਿ ਵੀਰਵਾਰ ਸ਼ਾਮ ਕਰੀਬ 7 ਵਜੇ ਉਹ ਪੁਲਸ ਪਾਰਟੀ ਸਮੇਤ ਪਿੰਡ ਤੋਤੀ ਦੇ ਬੱਸ ਅੱਡੇ ਕੋਲ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਡਡਵਿੰਡੀ ਵਾਲੇ ਪਾਸੇ ਤੋਂ ਆਉਂਦੀ ਇਕ ਚਿੱਟੇ ਰੰਗ ਦੀ ਸਵਿੱਫਟ ਕਾਰ (ਨੰਬਰ PB-10-DH-3022) ਵਿਖਾਈ ਦਿੱਤੀ, ਜਿਸ 'ਚ ਚਾਰ ਨੌਜਵਾਨ ਸਵਾਰ ਸਨ। ਜਾਨ ਬਚਾਉਣ ਲਈ ਪੁਲਸ ਮੁਲਾਜ਼ਮਾਂ ਨੇ ਮਾਰੀ ਛਾਲਜਦੋਂ ਪੁਲਸ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਗੱਡੀ ਦੀ ਰਫ਼ਤਾਰ ਵਧਾ ਦਿੱਤੀ ਅਤੇ ਪੁਲਸ ਮੁਲਾਜ਼ਮਾਂ 'ਤੇ ਗੱਡੀ ਚੜ੍ਹਾਉਣ ਦੀ ਕਥਿਤ ਕੋਸ਼ਿਸ਼ ਕੀਤੀ। ਐੱਸ. ਐੱਚ. ਓ. ਦਵਿੰਦਰ ਪਾਲ ਨੇ ਇਕ ਪਾਸੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਉੱਥੇ ਮੌਜੂਦ ਸੀਨੀਅਰ ਕਾਂਸਟੇਬਲ ਵਿਨੋਦ ਕੁਮਾਰ, ਕਾਂਸਟੇਬਲ ਮਨਪ੍ਰੀਤ ਸਿੰਘ ਅਤੇ ਮੁਨੀਸ਼ ਨੇ ਵੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮਾਂ ਨੇ ਉਨ੍ਹਾਂ 'ਤੇ ਵੀ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।ਪਿੱਛਾ ਕਰਕੇ ਇੱਕ ਮੁਲਜ਼ਮ ਕਾਬੂ
ਇਸ ਤੋਂ ਬਾਅਦ ਕਾਰ ਚਾਲਕ ਨੇ ਗੱਡੀ ਪਿੱਛੇ ਮੋੜੀ ਅਤੇ ਡਡਵਿੰਡੀ ਵੱਲ ਫਰਾਰ ਹੋ ਗਿਆ। ਪੁਲਸ ਨੇ ਤੁਰੰਤ ਕਾਰ ਦਾ ਪਿੱਛਾ ਕੀਤਾ ਅਤੇ ਜ਼ਿਲ੍ਹੇ ਦੀਆਂ ਸਾਰੀਆਂ ਨਾਕਾਬੰਦੀਆਂ ਅਤੇ ਪੈਟਰੋਲਿੰਗ ਪਾਰਟੀਆਂ ਨੂੰ ਅਲਰਟ ਕਰ ਦਿੱਤਾ। ਕਾਰ ਨੂੰ ਪਿੰਡ ਸਿੱਧਪੁਰ ਦੇ ਨੇੜੇ ਘੇਰ ਕੇ ਰੋਕ ਲਿਆ ਗਿਆ। ਪੁਲਸ ਨੇ ਕਾਰ ਸਣੇ ਇਕ ਮੁਲਜ਼ਮ ਵਿਸ਼ਾਲ ਪੁੱਤਰ ਬਲਵਿੰਦਰ ਵਾਸੀ ਸੁੰਦਰ ਨਗਰ ਕਪੂਰਥਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਉਸ ਦੇ ਤਿੰਨ ਸਾਥੀ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਦੀ ਭਾਲ ਵਿੱਚ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
Crime
