ਪੰਜਾਬ ਚ 200 ਅਧਿਕਾਰੀ ਅਤੇ ਕਰਮਚਾਰੀ ਮੁਅੱਤਲ
.ਚੰਡੀਗੜ , ਲੋਕ ਬਾਣੀ --ਬਾਬਾ ਫ਼ਰੀਦ ਯੂਨੀਵਰਸਿਟੀ ਨੇ ਪਿਛਲੇ ਸਮੇਂ ਦੌਰਾਨ ਕੀਤੀਆਂ ਨਿਯੁਕਤੀਆਂ ਦੇ ਮਾਮਲੇ ਵਿੱਚ 200 ਅਧਿਕਾਰੀ ਅਤੇ ਕਰਮਚਾਰੀ ਮੁਅੱਤਲ ਕਰ ਦਿੱਤੇ ਹਨ। ਇਨ੍ਹਾਂ ਨਵ-ਨਿਯੁਕਤ ਕਰਮਚਾਰੀਆਂ ਵਿੱਚ ਚਪੜਾਸੀ ਤੋਂ ਲੈ ਕੇ ਸੁਪਰਡੈਂਟ ਪੱਧਰ ਤੱਕ ਦੇ ਮੁਲਾਜ਼ਮ ਸ਼ਾਮਲ ਹਨ, ਜਿਨ੍ਹਾਂ ਦੀਆਂ ਨਿਯੁਕਤੀਆਂ ਸ਼ੱਕ ਦੇ ਘੇਰੇ ਵਿੱਚ ਆ ਗਈਆਂ ਸਨ।ਯੂਨੀਵਰਸਿਟੀ ਪ੍ਰਸ਼ਾਸਨ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਵੱਡੀ ਗਿਣਤੀ ’ਚ ਭਰਤੀਆਂ ਕੀਤੀਆਂ ਸਨ ਪਰ ਬਾਅਦ ਵਿੱਚ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਦੇ ਬੋਰਡ ਆਫ ਮੈਨੇਜਮੈਂਟ ਨੂੰ ਭਰਤੀਆਂ ਸਮੇਂ ਕਥਿਤ ਤੌਰ ’ਤੇ ਬੇਨਿਯਮੀਆਂ ਅਤੇ ਕਾਨੂੰਨੀ ਨਿਯਮਾਂ ਦੀ ਅਣਦੇਖੀ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਮਗਰੋਂ ਪੰਜਾਬ ਸਰਕਾਰ ਨੇ ਆਈ ਏ ਐੱਸ ਅਧਿਕਾਰੀ ਮਨਜੀਤ ਸਿੰਘ ਬਰਾੜ ਨੂੰ ਯੂਨੀਵਰਸਿਟੀ ਦਾ ਕਾਰਜਕਾਰੀ ਵਾਈਸ ਚਾਂਸਲਰ ਨਿਯੁਕਤ ਕੀਤਾ ਸੀ।ਮੁੱਢਲੀ ਪੜਤਾਲ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਪਹਿਲਾਂ ਹੀ ਰੋਕ ਦਿੱਤੀਆਂ ਸਨ। ਬਾਅਦ ਵਿੱਚ ਬੋਰਡ ਆਫ ਮੈਨੇਜਮੈਂਟ ਨੇ 11 ਅਗਸਤ ਨੂੰ ਹੋਈ ਉੱਚ ਪੱਧਰੀ ਮੀਟਿੰਗ ਮਗਰੋਂ ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਰਸਮੀ ਤੌਰ ’ਤੇ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ। ਯੂਨੀਵਰਸਿਟੀ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਨਵੀਆਂ ਨਿਯੁਕਤੀਆਂ ਨੂੰ ਉਦੋਂ ਤੱਕ ਅੰਤਿਮ ਨਹੀਂ ਮੰਨਿਆ ਜਾਵੇਗਾ, ਜਦੋਂ ਤੱਕ ਬੋਰਡ ਆਫ ਮੈਨੇਜਮੈਂਟ ਇਨ੍ਹਾਂ ਦੀ ਮੁਕੰਮਲ ਜਾਂਚ ਕਰ ਕੇ ਇਨ੍ਹਾਂ ਨੂੰ ਸਹੀ ਨਹੀਂ ਠਹਿਰਾਉਂਦਾ।
