ਪੰਜਾਬ ਚ ਦੋ ਬੱਚਿਆਂ ਦੀ ਪਿਤਾ ਦੀ ਨਸ਼ੇ ਕਾਰਨ ਹੋਈ ਮੌਤ
ਮਾਨਸਾ , ਲੋਕ ਬਾਣੀ -- ਪੰਜਾਬ ਸਰਕਾਰ ਦੇ ਨਸ਼ਿਆਂ ਨੂੰ ਖਤਮ ਕਰਨ ਵਾਲੇ ਦਾਅਵੇ ਸਭ ਖੋਖਲੇ ਨਜ਼ਰ ਆ ਰਹੇ ਹਨ ਤਾਜ਼ਾ ਮਾਮਲਾ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਵਿਖੇ ਮੰਗਲਵਾਰ ਦੀ ਦੁਪਹਿਰ 32 ਸਾਲਾ ਨੌਜਵਾਨ ਦਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਦੀ ਕਥਿਤ ਤੌਰ ‘ਤੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੁੱਝ ਸ਼ੱਕੀ ਵਿਅਕਤੀ ਉਸ ਨੂੰ ਨਸ਼ੇ ਦੀ ਹਾਲਤ ਵਿੱਚ ਪਿੰਡ ਦੀ ਮੁੱਖ ਸੜਕ ’ਤੇ ਸੁੱਟ ਕੇ ਫ਼ਰਾਰ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਫੈਲ ਗਿਆ ਅਤੇ ਉਨ੍ਹਾਂ ਨੇ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਸੜਕ ‘ਤੇ ਰੱਖ ਕੇ ਮਾਨਸਾ-ਸਿਰਸਾ ਮੁੱਖ ਮਾਰਗ ’ਤੇ ਧਰਨਾ ਲਗਾ ਦਿੱਤਾ। ਦਲਜੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਆਪਣੇ ਪਿੱਛੇ ਦੋ ਛੋਟੇ ਬੱਚੇ ਛੱਡ ਗਿਆ ਹੈ।
