ਪੰਜਾਬ ਚ ਹੁਣ ਇਹ ਮੁਲਾਜ਼ਮ ਯੂਨੀਅਨ ਨੇ ਕਰਤਾ ਐਲਾਨ ਪੜ੍ਹੋ ਪੂਰੀ ਖਬਰ
ਅਮ੍ਰਿਤਸਰ, ਲੋਕ ਬਾਣੀ -- ਪੰਜਾਬ ਵਿੱਚ ਸਭ ਤੋਂ ਜ਼ਿਆਦਾ ਧਰਨੇ ਤੇ ਮੁਲਾਜ਼ਮਾਂ ਦਾ ਵਿਰੋਧ ਆਪ ਸਰਕਾਰ ਵੇਲੇ ਹੀ ਵੇਖਣ ਨੂੰ ਮਿਲ ਰਿਹਾ ਹੈ ਹੁਣ ਤਾਜ਼ਾ ਮਾਮਲਾ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਦਾ ਹੈ ਜਿੰਨਾ ਦੀ ਇੱਕ ਅਹਿਮ ਮੀਟਿੰਗ ਕੰਪਨੀ ਬਾਗ਼, ਅੰਮ੍ਰਿਤਸਰ ਵਿਖੇ ਬਲਜਿੰਦਰ ਸਿੰਘ ਮਿੰਟੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਦੱਸਿਆ ਕਿ ਯੂਨੀਅਨ ਦੀਆਂ ਭਖਦੀਆਂ ਮੰਗਾਂ ਮਨਵਾਉਣ ਲਈ 31 ਅਕਤੂਬਰ ਨੂੰ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਰਿਹਾਇਸ਼ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਰੋਸ ਮਾਰਚ ਕੱਢਿਆ ਜਾਵੇਗਾ।ਆਗੂਆਂ ਨੇ ਕਿਹਾ ਕਿ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਜੰਗਲਾਤ ਮੰਤਰੀ ਨਾਲ ਹੋਈਆਂ ਪੈਨਲ ਮੀਟਿੰਗਾਂ ਵਿੱਚ ਲਾਰਿਆਂ ਤੋਂ ਇਲਾਵਾ ਕੁਝ ਵੀ ਹਾਸਲ ਨਹੀਂ ਹੋਇਆ। ਲੰਮੇ ਸਮੇਂ ਤੋਂ ਕੰਮ ਕਰ ਰਹੇ ਵਰਕਰਾਂ ਦੀ ਸੀਨੀਆਰਤਾ ਸੂਚੀ ਵਿੱਚ ਮੌਜੂਦ ਤਰੁੱਟੀਆਂ ਅੱਜ ਤੱਕ ਦੂਰ ਨਹੀਂ ਕੀਤੀਆਂ ਗਈਆਂ। ਇਸ ਕਾਰਨ 20-20 ਸਾਲਾਂ ਤੋਂ ਲਗਾਤਾਰ ਸੇਵਾਵਾਂ ਨਿਭਾ ਰਹੇ ਕਈ ਮੁਲਾਜ਼ਮਾਂ ਦੇ ਸੇਵਾ-ਕਾਲ ਵਿੱਚ ਪਏ ਅੰਤਰਾਲ ਨੂੰ ਦੂਰ ਨਾ ਕਰਨ ਕਰਕੇ ਉਹ ਰੈਗੂਲਰ ਹੋਣ ਤੋਂ ਵਾਂਝੇ ਰਹਿ ਗਏ ਹਨ ਅਤੇ ਉਨ੍ਹਾਂ ਨੂੰ ਬਣਦੇ ਵਿੱਤੀ ਲਾਭ ਵੀ ਨਹੀਂ ਮਿਲ ਸਕੇ।ਆਗੂਆਂ ਨੇ ਕਿਹਾ ਕਿ 16 ਮਈ 2023 ਦੀ ਪਾਲਿਸੀ ਤਹਿਤ ਅਰਧ-ਰੈਗੂਲਰ ਕੀਤੇ ਗਏ ਕੱਚੇ ਵਰਕਰਾਂ ਨੂੰ ਰੈਗੂਲਰ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਇਸ ਪਾਲਿਸੀ ਵਿੱਚ ਦਰਜਾ ਚਾਰ ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ 58 ਸਾਲ ਦਰਜ ਕੀਤੀ ਗਈ ਹੈ, ਜਦਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਕਈ ਵਿਭਾਗਾਂ ਵਿੱਚ ਇਹ ਉਮਰ ਹੱਦ 60 ਸਾਲ ਹੈ।
