ਚੱਲੀ ਸੀ ਗੋਲੀ ਪੁਲੀਸ ਵੱਲੋਂ ਇਕ ਹੀ ਧਿਰ ਦੇ 14 ਜਣਿਆਂ ਖ਼ਿਲਾਫ਼ ਕੇਸ
ਤਰਨਤਾਰਨ , ਲੋਕ ਬਾਣੀ --ਦੂਜੀ ਧਿਰ ’ਤੇ ਕੋਈ ਪਰਚਾ ਨਹੀਂ; ਦੋਨਾਂ ਧਿਰਾਂ ਦੇ ਇਕ ਇਕ ਜਣੇ ਦੀ ਹੋਈ ਸੀ ਮੌਤ
ਕਸਬਾ ਭਿੱਖੀਵਿੰਡ ਨੇੜਲੇ ਇਤਿਹਾਸਕ ਪਿੰਡ ਪਹੁਵਿੰਡ ਵਿੱਚ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਈ ਖੂਨੀ ਝੜਪ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੌਰਾਨ ਗੋਲੀਬਾਰੀ ਹੋਣ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।ਦੱਸਣਾ ਬਣਦਾ ਹੈ ਕਿ ਪੁਲੀਸ ਨੇ ਇਕ ਹੀ ਧਿਰ ਖ਼ਿਲਾਫ ਪਰਚਾ ਦਰਜ ਕੀਤਾ ਹੈ ਜਦਕਿ ਦੂਜੀ ਧਿਰ ਖ਼ਿਲਾਫ਼ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ ਤੇ ਨਾ ਹੀ ਸਥਿਤੀ ਸਪਸ਼ਟ ਕੀਤੀ ਗਈ ਹੈ ਕਿਉਂਕਿ ਦੂਜੀ ਧਿਰ ਦਾ ਕੋਈ ਵੀ ਵਿਅਕਤੀ ਬਾਹਰ ਨਹੀਂ ਹੈ ਤੇ ਸਾਰੇ ਜਣੇ ਹਿਰਾਸਤ ਵਿਚ ਲੈ ਲਏ ਗਏ ਹਨ।
ਭਿੱਖੀਵਿੰਡ ਪੁਲੀਸ ਨੇ ਇੱਕ ਧਿਰ ਦੇ ਮ੍ਰਿਤਕ ਸੁਖਰਾਜ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਦੂਜੀ ਧਿਰ ਦੀ ਇੱਕ ਔਰਤ ਅਤੇ ਅੱਠ ਵਿਅਕਤੀਆਂ ਸਮੇਤ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ
ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਦੀ ਧਿਰ ਨਾਲ ਕਰੀਬ ਡੇਢ ਕਿੱਲਾ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸ ਮਾਮਲੇ ਸਬੰਧੀ ਅਦਾਲਤ ਵੱਲੋਂ ਸਟੇਟਸ ਕੋ ਦੇ ਹੁਕਮ ਵੀ ਜਾਰੀ ਕੀਤੇ ਹੋਏ ਹਨ ਅਤੇ ਮਾਮਲਾ ਉਪ ਮੰਡਲ ਮੈਜਿਸਟਰੇਟ ਭਿੱਖੀਵਿੰਡ ਦੀ ਅਦਾਲਤ ਵਿੱਚ ਵੀ ਵਿਚਾਰ ਅਧੀਨ ਹੈ। ਰਾਜਵਿੰਦਰ ਕੌਰ ਅਨੁਸਾਰ ਉਕਤ ਜ਼ਮੀਨ ਵਿੱਚ ਉਨ੍ਹਾਂ ਵੱਲੋਂ ਬਾਜਰੇ ਦੀ ਫ਼ਸਲ ਬੀਜੀ ਹੋਈ ਸੀ। ਸ਼ਨੀਵਾਰ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਦੂਜੀ ਧਿਰ ਦੇ ਕੁਝ ਹਥਿਆਰਬੰਦ ਵਿਅਕਤੀ ਕਥਿਤ ਤੌਰ ’ਤੇ ਫ਼ਸਲ ਵੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੀ ਸੂਚਨਾ ਮਿਲਣ ’ਤੇ ਉਸ ਦਾ ਪਤੀ ਸੁਖਰਾਜ ਸਿੰਘ ਅਤੇ ਪੁੱਤਰ ਹਰਨੂਰ ਸਿੰਘ ਮੌਕੇ ’ਤੇ ਪਹੁੰਚੇ। ਮੌਕੇ ’ਤੇ ਅਮਰਜੀਤ ਸਿੰਘ, ਉਸ ਦਾ ਭਰਾ ਨਿਰਮਲ ਸਿੰਘ, ਰਣਦੀਪ ਸਿੰਘ ਉਰਫ਼ ਰਾਣਾ, ਸ਼ਰਨਜੀਤ ਸਿੰਘ, ਕੁਲਵੰਤ ਸਿੰਘ ਅਤੇ ਹੋਰ ਵਿਅਕਤੀ ਉੱਥੇ ਮੌਜੂਦ ਸਨ। ਇਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਕੋਲ ਰਾਈਫ਼ਲਾਂ ਅਤੇ ਪਿਸਤੌਲ ਸਨ। ਰਾਜਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਵਿਰੋਧੀ ਧਿਰ ਵੱਲੋਂ ਚਲਾਈ ਗਈ ਗੋਲੀ ਨਾਲ ਉਸ ਦਾ ਪਤੀ ਸੁਖਰਾਜ ਸਿੰਘ ਜ਼ਮੀਨ ’ਤੇ ਡਿੱਗ ਪਿਆ, ਜਦਕਿ ਉਸ ਦੇ ਪੁੱਤਰ ਹਰਨੂਰ ਸਿੰਘ ਦੇ ਖੱਬੇ ਪੱਟ ਵਿੱਚ ਗੋਲੀ ਲੱਗੀ। ਉਸ ਨੇ ਆਪਣੇ ਪਤੀ ਅਤੇ ਪੁੱਤਰ ਨੂੰ ਬਚਾਉਣ ਲਈ ਰੌਲਾ ਪਾਇਆ। ਇਸ ਦੌਰਾਨ ਅਮਰਜੀਤ ਸਿੰਘ, ਦਲਜੀਤ ਕੌਰ ਅਤੇ ਰਣਦੀਪ ਸਿੰਘ ਨੇ ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਹਰਨੂਰ ਸਿੰਘ ਦਾ ਮੋਬਾਈਲ ਫ਼ੋਨ ਵੀ ਖੋਹ ਲਿਆ ਅਤੇ ਗੱਡੀ ਵਿੱਚ ਪਈ ਰਾਈਫ਼ਲ ਸਮੇਤ ਪਿਸਤੌਲ ਜਾਦੇ ਹੋਏ ਆਪਣੇ ਨਾਲ ਹੀ ਲੈ ਗਏ । ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਗੁਆਂਢੀ ਦੀ ਮਦਦ ਨਾਲ ਸੁਖਰਾਜ ਸਿੰਘ ਅਤੇ ਹਰਨੂਰ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸੁਖਰਾਜ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਪੁਲੀਸ ਨੇ ਰਾਜਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਅਮਰਜੀਤ ਸਿੰਘ ਪੁੱਤਰ ਸੁੱਚਾ ਸਿੰਘ, ਨਿਰਮਲ ਸਿੰਘ, ਸ਼ਰਨਜੀਤ ਸਿੰਘ ਪੁੱਤਰ ਕਾਰਜ ਸਿੰਘ, ਕੁਲਵੰਤ ਸਿੰਘ, ਦਲਜੀਤ ਕੌਰ ਪਤਨੀ ਅਮਰਜੀਤ ਸਿੰਘ, ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਪਰਗਟ ਸਿੰਘ, ਕਾਲੂ ਪੁੱਤਰ ਅਮਰਜੀਤ ਸਿੰਘ ਅਤੇ ਸਰਬਜੀਤ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਲਾਖਣਾ ਸਮੇਤ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ 103(1), 109 ਅਤੇ 309(2) ਤੋਂ ਇਲਾਵਾ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ। ਜਦ ਕਿ ਮੌਕੇ ਤੋਂ ਇਕੱਤਰ ਵੇਰਵਿਆਂ ਅਨੁਸਾਰ ਪਤਾ ਲਗਾ ਹੈ ਕਿ ਇਸ ਖ਼ੂਨੀ ਝਗੜੇ ਵਿੱਚ ਦੂਜੀ ਧਿਰ ਦੇ ਨਿਰਮਲ ਸਿੰਘ ਨਾਮਕ ਵਿਅਕਤੀ ਜੋ ਕਿ ਪਿੰਡ ਸਾਬਕਾ ਸਰਪੰਚ ਅਮਰਜੀਤ ਸਿੰਘ ਦਾ ਵੱਡਾ ਭਰਾ ਹੈ ਦੀ ਵੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਵਿੱਚ ਵਰਤੇ ਗਏ ਹਥਿਆਰਾਂ ਅਤੇ ਹੋਰ ਸਬੂਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ਦਰਮਿਆਨ ਪੁਰਾਣੇ ਜ਼ਮੀਨੀ ਵਿਵਾਦ ਨੂੰ ਦੇਖਦਿਆਂ ਪੁਲੀਸ ਵੱਲੋਂ ਮਾਮਲੇ ਦੇ ਵੱਖ-ਵੱਖ ਪੱਖਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
