ਸ਼ਿਵ ਪੁਰੀ ਸ਼ਮਸ਼ਾਨ ਘਾਟ ਦੀ ਸੇਵਾ ਹੀ ਮੇਰਾ ਪਹਿਲਾ ਕਰਮ, ਸੰਸਥਾ ਕੋਲ ਹਰ ਪੈਸੇ ਦਾ ਪਾਰਦਰਸ਼ੀ ਹਿਸਾਬ: ਪ੍ਰਧਾਨ ਜਿੰਮੀ ਕਾਲੀਆ
ਜਲੰਧਰ, ਲੋਕ ਬਾਣੀ -- ਸ਼ਿਵ ਪੁਰੀ ਸ਼ਮਸ਼ਾਨ ਘਾਟ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿੰਮੀ ਕਾਲੀਆ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਸ਼ਮਸ਼ਾਨ ਘਾਟ ਦੀ ਸੇਵਾ ਕਰਨਾ ਹੀ ਉਨ੍ਹਾਂ ਦਾ ਪਹਿਲਾ ਅਤੇ ਮੁੱਖ ਕਰਮ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਹਮੇਸ਼ਾ ਨਿਸ਼ਕਾਮ ਭਾਵਨਾ ਨਾਲ ਲੋਕ ਸੇਵਾ ਦੇ ਕਾਰਜ ਕੀਤੇ ਗਏ ਹਨ ਅਤੇ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ।
ਪ੍ਰਧਾਨ ਜਿੰਮੀ ਕਾਲੀਆ ਨੇ ਵਿਰੋਧੀਆਂ ਵੱਲੋਂ ਲਗਾਏ ਜਾ ਰਹੇ ਬੇਬੁਨਿਆਦ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਸ਼ਮਸ਼ਾਨ ਘਾਟ ਵਰਗੀ ਪਵਿੱਤਰ ਜਗ੍ਹਾ 'ਤੇ ਰਾਜਨੀਤੀ ਨਹੀਂ ਕੀਤੀ ਅਤੇ ਨਾ ਹੀ ਕਦੇ ਕਿਸੇ ਬਾਰੇ ਕੋਈ ਮਾੜਾ ਸ਼ਬਦ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਜਾਣਬੁੱਝ ਕੇ ਸੰਸਥਾ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਮੈਂਬਰ ਕਮੇਟੀ ਦੇ ਕੰਮਾਂ ਤੋਂ ਪੂਰੀ ਤਰ੍ਹਾਂ ਜਾਣੂ ਹਨ।
ਫੰਡਾਂ ਸਬੰਧੀ ਗੱਲ ਕਰਦਿਆਂ ਪ੍ਰਧਾਨ ਨੇ ਪੂਰੇ ਭਰੋਸੇ ਨਾਲ ਕਿਹਾ ਕਿ ਸੰਸਥਾ ਕੋਲ ਦਾਨ ਵਿੱਚ ਆਏ ਹਰ ਇੱਕ ਪੈਸੇ ਦਾ ਪੂਰਾ ਅਤੇ ਪਾਰਦਰਸ਼ੀ ਹਿਸਾਬ-ਕਿਤਾਬ ਮੌਜੂਦ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਆ ਕੇ ਸੰਸਥਾ ਦੇ ਖਾਤਿਆਂ ਦੀ ਜਾਂਚ ਕਰ ਸਕਦਾ ਹੈ, ਕਿਉਂਕਿ ਸਾਰਾ ਪੈਸਾ ਸ਼ਮਸ਼ਾਨ ਘਾਟ ਦੇ ਵਿਕਾਸ ਅਤੇ ਰੱਖ-ਰਖਾਅ 'ਤੇ ਹੀ ਖਰਚ ਕੀਤਾ ਜਾਂਦਾ ਹੈ। ਅੰਤ ਵਿੱਚ ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।
