• Friday, 13 November 2026
Advertisement Advertisement
ਆਪ' ਵੱਲੋਂ ਵਿਨੀਤ ਧੀਰ ਨੂੰ ਟਿਕਟ, ਪਰ ਵਾਇਰਲ ਵੀਡੀਓ ਤੇ ਸਵਾਲ ਉਠੇ

12 Nov 2026

ਆਪ' ਵੱਲੋਂ ਵਿਨੀਤ ਧੀਰ ਨੂੰ ਟਿਕਟ, ਪਰ ਵਾਇਰਲ ਵੀਡੀਓ ਤੇ ਸਵਾਲ ਉਠੇ

ਆਪ' ਵੱਲੋਂ ਵਿਨੀਤ ਧੀਰ ਨੂੰ ਟਿਕਟ, ਪਰ ਵਾਇਰਲ ਵੀਡੀਓ ਤੇ ਸਵਾਲ ਉਠੇ

 

 ਜਲੰਧਰ, ਲੋਕ ਬਾਣੀ -- ਨੌਰਥ ਹਲਕੇ ਤੋਂ ਮੌਜੂਦਾ ਮੇਅਰ ਵਿਨੀਤ ਧੀਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਹਾਲਾਂਕਿ ਪਾਰਟੀ ਵੱਲੋਂ ਟਿਕਟ ਮਿਲਣ ਤੋਂ ਬਾਅਦ ਧੀਰ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ, ਪਰ ਹਲਕੇ ਦੇ ਸਿਆਸੀ ਸਮੀਕਰਨਾਂ ਅਤੇ ਤਾਜ਼ਾ ਵਿਵਾਦਾਂ ਨੂੰ ਦੇਖਦਿਆਂ ਉਨ੍ਹਾਂ ਲਈ ਜਿੱਤ ਦੀ ਇਹ ਰਾਹ ਆਸਾਨ ਨਜ਼ਰ ਨਹੀਂ ਆ ਰਹੀ।

ਲੋਕਾਂ ਦੀ ਮੰਗ ਅਤੇ ਵਿਧਾਇਕ ਦੀ ਗੈਰ-ਹਾਜ਼ਰੀ ਦਾ ਮੁੱਦਾ

ਜਲੰਧਰ ਨੌਰਥ ਹਲਕੇ ਦੇ ਵੋਟਰ ਇਸ ਵਾਰ ਇੱਕ ਅਜਿਹੇ ਸ਼ਰੀਫ਼ ਅਤੇ ਇਮਾਨਦਾਰ ਨੁਮਾਇੰਦੇ ਦੀ ਭਾਲ ਵਿੱਚ ਹਨ ਜੋ ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਨਾਲ ਖੜ੍ਹਾ ਹੋਵੇ। ਹਲਕੇ ਦੇ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਮੌਜੂਦਾ ਵਿਧਾਇਕ (ਕਾਂਗਰਸ ਦੇ ਅਵਤਾਰ ਸਿੰਘ ਬਾਵਾ ਹੈਨਰੀ) ਜ਼ਮੀਨੀ ਪੱਧਰ 'ਤੇ ਲੋਕਾਂ ਵਿੱਚ ਜ਼ਿਆਦਾ ਨਜ਼ਰ ਨਹੀਂ ਆਏ। ਇਸੇ ਨਾਰਾਜ਼ਗੀ ਦਰਮਿਆਨ ਆਮ ਆਦਮੀ ਪਾਰਟੀ ਨੇ ਦਿਨੇਸ਼ ਢੱਲ ਦੀ ਥਾਂ ਮੇਅਰ ਵਿਨੀਤ ਧੀਰ 'ਤੇ ਭਰੋਸਾ ਜਤਾਇਆ ਹੈ।

ਵਿਆਹ ਸਮਾਗਮ ਦੀ ਵੀਡੀਓ 'ਤੇ ਉੱਠੇ ਸਵਾਲ

ਟਿਕਟ ਦੇ ਐਲਾਨ ਦੇ ਨਾਲ ਹੀ ਵਿਨੀਤ ਧੀਰ ਇੱਕ ਨਵੇਂ ਵਿਵਾਦ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਵਿਆਹ ਸਮਾਗਮ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਮੇਅਰ ਵਿਨੀਤ ਧੀਰ ਡੀਜੇ 'ਤੇ ਨੱਚਦੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਪਿੱਛੇ ਇੱਕ ਨੌਜਵਾਨ ਸ਼ਰੇਆਮ ਹਵਾ ਵਿੱਚ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਹੈ।

ਜ਼ਿਕਰਯੋਗ ਹੈ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਵਿਆਹਾਂ-ਸ਼ਾਦੀਆਂ, ਪਾਰਟੀਆਂ ਅਤੇ ਜਨਤਕ ਥਾਵਾਂ 'ਤੇ ਹਥਿਆਰ ਲੈ ਕੇ ਜਾਣ ਅਤੇ ਹਵਾਈ ਫਾਇਰਿੰਗ ਕਰਨ 'ਤੇ ਸਖ਼ਤ ਪਾਬੰਦੀ ਲਗਾਈ ਹੋਈ ਹੈ। ਜ਼ਿੰਮੇਵਾਰ ਅਹੁਦੇ 'ਤੇ ਬੈਠੇ ਆਗੂ ਦੀ ਮੌਜੂਦਗੀ ਵਿੱਚ ਹੋਈ ਅਸਲੇ ਦੀ ਇਸ ਪ੍ਰਦਰਸ਼ਨੀ 'ਤੇ ਵਿਰੋਧੀਆਂ ਅਤੇ ਆਮ ਲੋਕਾਂ ਵੱਲੋਂ ਤਿੱਖੇ ਸਵਾਲ ਉਠਾਏ ਜਾ ਰਹੇ ਹਨ। ਪੁਲਿਸ ਪ੍ਰਸ਼ਾਸਨ (ਡੀਸੀਪੀ ਜਸਰੂਪ ਕੌਰ ਬਾਠ) ਨੇ ਵੀ ਇਸ ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।

ਚੋਣ ਮੈਦਾਨ ਵਿੱਚ ਵੱਡੀ ਚੁਣੌਤੀ

ਸਿਆਸੀ ਮਾਹਿਰਾਂ ਅਨੁਸਾਰ, ਜਿੱਥੇ ਇੱਕ ਪਾਸੇ ਵਿਨੀਤ ਧੀਰ ਸਾਹਮਣੇ ਹਲਕੇ ਦੇ ਲੋਕਾਂ ਦਾ ਭਰੋਸਾ ਜਿੱਤਣ ਅਤੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਦੀ ਚੁਣੌਤੀ ਹੈ, ਉੱਥੇ ਹੀ ਦੂਜੇ ਪਾਸੇ ਅਜਿਹੇ ਵਿਵਾਦ ਉਨ੍ਹਾਂ ਦੀ ਸਾਫ਼-ਸੁਥਰੀ ਛਵੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਆਉਣ ਵਾਲੇ ਸਮੇਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜਲੰਧਰ ਨੌਰਥ ਦੇ ਵੋਟਰ ਕਿਸ ਉਮੀਦਵਾਰ 'ਤੇ ਆਪਣੀ ਮੋਹਰ ਲਗਾਉਂਦੇ ਹਨ।

Published on: 12 Nov 2026

Amandeep Mehra
📣 Share this post

Latest News