ਪੰਜਾਬ ਵਿੱਚ ਅੱਜ ਸਰਕਾਰੀ ਮੁਲਾਜ਼ਮਾਂ ਦੀ ਮਹਾ ਹੜਤਾਲ
ਸਰਕਾਰੀ ਦਫ਼ਤਰਾਂ, ਸੇਵਾ ਕੇਂਦਰਾਂ ਤੇ ਹਸਪਤਾਲਾਂ ਦੀਆਂ OPD ਸੇਵਾਵਾਂ ਪ੍ਰਭਾਵਿਤ; ਬੱਸਾਂ ਚੱਲਣਗੀਆਂ
ਚੰਡੀਗੜ੍ਹ, 27 ਅਗਸਤ (ਲੋਕ ਬਾਣੀ) — ਪੰਜਾਬ ਵਿੱਚ ਅੱਜ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਮਹਾ ਹੜਤਾਲ ਕੀਤੀ ਜਾ ਰਹੀ ਹੈ। ਇਸ ਕਾਰਨ ਕਈ ਸਰਕਾਰੀ ਵਿਭਾਗਾਂ ਦਾ ਰੋਜ਼ਾਨਾ ਕੰਮਕਾਜ ਪ੍ਰਭਾਵਿਤ ਹੋਣ ਦੀ ਜਾਣਕਾਰੀ ਹੈ।
ਹੜਤਾਲ ਕਾਰਨ ਡੀ.ਸੀ. ਦਫ਼ਤਰ, ਤਹਿਸੀਲ ਅਤੇ ਐੱਸ.ਡੀ.ਐੱਮ. ਦਫ਼ਤਰ, ਸੇਵਾ ਕੇਂਦਰ, ਨਗਰ ਨਿਗਮਾਂ ਅਤੇ ਹੋਰ ਸਰਕਾਰੀ ਦਫ਼ਤਰਾਂ ਵਿੱਚ ਆਮ ਕੰਮਕਾਜ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ। ਮੁਲਾਜ਼ਮ ਜ਼ਿਲ੍ਹਾ ਪੱਧਰ ’ਤੇ ਰੋਸ ਪ੍ਰਦਰਸ਼ਨ ਵੀ ਕਰ ਰਹੇ ਹਨ।
ਸਰਕਾਰੀ ਹਸਪਤਾਲਾਂ ਦੀਆਂ OPD ਸੇਵਾਵਾਂ ਅਤੇ OOAT ਕਲੀਨਿਕ ਵੀ ਅੱਜ ਬੰਦ ਰਹਿਣਗੇ, ਜਦਕਿ ਐਮਰਜੈਂਸੀ ਮੈਡੀਕਲ ਸੇਵਾਵਾਂ ਪ੍ਰਭਾਵਿਤ ਨਾ ਹੋਣ ਦੀ ਜਾਣਕਾਰੀ ਹੈ।
ਇਸ ਦੇ ਨਾਲ ਹੀ ਅੱਜ ਪੰਜਾਬ ਵਿੱਚ ਆਮ ਬਾਜ਼ਾਰ, ਨਿੱਜੀ ਕਾਰੋਬਾਰ ਅਤੇ ਸੜਕਾਂ ਨੂੰ ਬੰਦ ਕਰਨ ਦਾ ਐਲਾਨ ਨਹੀਂ ਹੈ। ਇਹ ਅੰਦੋਲਨ ਮੁੱਖ ਤੌਰ ’ਤੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਹੈ, ਨਾ ਕਿ ਹਰ ਤਰ੍ਹਾਂ ਦੀਆਂ ਦੁਕਾਨਾਂ ਅਤੇ ਆਵਾਜਾਈ ਵਾਲਾ ਪੂਰਨ ਬੰਦ।
ਸਰਕਾਰੀ ਬੱਸਾਂ ਬਾਰੇ ਅਹਿਮ ਅਪਡੇਟ: ਪੰਜਾਬ ਰੋਡਵੇਜ਼, PUNBUS ਅਤੇ PRTC ਦੀ ਹੜਤਾਲ ਟਾਲ ਦਿੱਤੀ ਗਈ ਹੈ ਅਤੇ ਬੱਸਾਂ ਆਮ ਤੌਰ ’ਤੇ ਚੱਲਣਗੀਆਂ।
ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਲੰਬਿਤ ਮਹਿੰਗਾਈ ਭੱਤੇ (DA) ਦੀਆਂ ਕਿਸ਼ਤਾਂ ਤੇ ਬਕਾਏ ਜਾਰੀ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਤਨਖ਼ਾਹ ਸਕੇਲਾਂ ਦੀ ਸਮੀਖਿਆ ਅਤੇ ਹੋਰ ਮੁਲਾਜ਼ਮ ਮੰਗਾਂ ਸ਼ਾਮਲ ਹਨ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਜਲੰਧਰ ਵਿੱਚ ਮੁਲਾਜ਼ਮ ਆਗੂਆਂ ਨਾਲ ਮੀਟਿੰਗ ਕੀਤੀ ਜਾਣੀ ਹੈ। ਮੀਟਿੰਗ ਦੇ ਨਤੀਜੇ ਤੋਂ ਬਾਅਦ ਅਗਲੇ ਸੰਘਰਸ਼ ਸਬੰਧੀ ਫੈਸਲਾ ਲਿਆ ਜਾ ਸਕਦਾ ਹੈ।
