ਪੰਜਾਬ ਚ ਕਾਂਗਰਸ ਕਲੇਸ਼ ਦੌਰਾਨ ਰਾਹੁਲ ਆਉਣਗੇ ਦੌਰੇ ’ਤੇ
ਚੰਡੀਗੜ , ਲੋਕ ਬਾਣੀ --ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆ ਗਈਆਂ ਹਨ, ਪਰ ਕਾਂਗਰਸ ਵਿੱਚ ਅੰਦਰੁੂਨੀ ਕਲੇਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸੇ ਦੌਰਾਨ ਅਗਲੇ ਹਫ਼ਤੇ ਤੋਂ 10 ਦਿਨਾਂ ਵਿਚਕਾਰ ਰਾਹੁਲ ਗਾਂਧੀ ਪੰਜਾਬ ਦੌਰੇ ’ਤੇ ਆਉਣਗੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਮੀਡੀਆ ਇੰਚਾਰਜ ਹਰੀ ਸ਼ੰਕਰ ਗੁਪਤਾ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਲਈ ਸਮੁੱਚਾ ਪ੍ਰੋਗਰਾਮ ਤਿਆਰ ਕਰ ਲਿਆ ਗਿਆ ਹੈ। ਉਹ ਜਲਦ ਹੀ ਪੰਜਾਬ ਵਿੱਚ ਦੌਰੇ ’ਤੇ ਆਉਣਗੇ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਇੱਕੋ ਮੰਚ ਤੋਂ ਪੂਰੀ ਤਾਕਤ ਨਾਲ ਸਾਂਝੀ ਚੋਣ ਮੁਹਿੰਮ ਚਲਾਉਣਗੇ।ਇਸ ਤੋਂ ਪਹਿਲਾਂ ਆਲ ਇੰਡੀਆ ਕਾਂਗਰਸ ਦੀ ਕੌਮੀ ਮੀਡੀਆ ਵਿਭਾਗ ਦੀ ਟੀਮ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਕੀਤੀ ਅਤੇ ਜ਼ਮੀਨੀ ਪੱਧਰ ਦੀ ਯੋਜਨਾਬੰਦੀ ਨੂੰ ਸੁਚਾਰੂ ਬਣਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ। ਵੜਿੰਗ ਨੇ ਕੇਂਦਰੀ ਟੀਮ ਦਾ ਸਵਾਗਤ ਕਰਦਿਆਂ ਸੂਬੇ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਪੂਰੀ ਤਰ੍ਹਾਂ ਨਾਲ ਜਥੇਬੰਦਕ ਤੇ ਜ਼ਮੀਨੀ ਪੱਧਰ ਦੀ ਸਹਾਇਤਾ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਗੁਪਤਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਤਿੰਨ ਮੁੱਖ ਜ਼ੋਨਾਂ ਵਿੱਚ ਵੰਡਿਆ ਹੈ। ਇਸ ਦੌਰਾਨ ਵਿੰਗ ਕਮਾਂਡਰ ਅਨੁਮਾ ਆਚਾਰਿਆ ਨੂੰ ਮਾਝਾ ਖੇਤਰ, ਈਸ਼ਾਨ ਤਿਆਗੀ ਨੂੰ ਦੁਆਬਾ ਅਤੇ ਹਰਨਾਮ ਸਿੰਘ ਨੂੰ ਮਾਲਵਾ-1 ਅਤੇ ਵਿਕਰਮ ਲੋਹੀਆ ਨੂੰ ਮਾਲਵਾ-2 ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
