ਮੱਥਾ ਟੇਕ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ ਦੋ ਦੀ ਮੌਤ
,,,ਜਲੰਧਰ , ਲੋਕ ਬਾਣੀ -- ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਭੋਗਪੁਰ ਵਿਖੇ ਦਾਣਾ ਮੰਡੀ ਦੇ ਸਾਹਮਣੇ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ ਅਣਪਛਾਤੇ ਵਾਹਨ ਦੀ ਟੱਕਰ ਨਾਲ ਟਰੈਕਟਰ-ਟਰਾਲੀ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 1 ਸਾਥੀ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਬ੍ਰਿਜ ਮੋਹਨ ਪੁੱਤਰ ਰਾਮ ਕਲਾ ਸ਼ਰਮਾ ਨਿਵਾਸੀ ਪੁਆਰਕਾ ਸਹਾਰਨਪੁਰ ਅਤੇ ਮਹੀਪਾਲ (53) ਵਾਸੀ ਸਦਾਰਪੁਰਾ ਥਾਣਾ ਗੰਗੂ, ਜ਼ਿਲ੍ਹਾ ਸਹਾਰਨਪੁਰ ਉੱਤਰ ਪ੍ਰਦੇਸ਼ ਵਜੋਂ ਹੋਈ ਹੈ।ਇਹ ਸਾਰੇ ਸ਼ਰਧਾਲੂ ਸਹਾਰਨਪੁਰ ਤੋਂ ਟਰੈਕਟਰ 'ਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਗਏ ਸਨ ਅਤੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ। ਦੇਰ ਰਾਤ ਲਗਭਗ 1 ਵਜੇ ਦਾਣਾ ਮੰਡੀ ਭੋਗਪੁਰ ਦੇ ਸਾਹਮਣੇ ਇਕ ਅਣਪਛਾਤੇ ਵਾਹਨ ਨੇ ਟਰੈਕਟਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਲੱਗਣ ਕਾਰਨ ਮਡਗਾਰਡ 'ਤੇ ਬੈਠੇ ਲੋਕ ਉਛਲ ਕੇ ਸੜਕ 'ਤੇ ਜਾ ਡਿੱਗੇ, ਜਿਸ ਨਾਲ ਸਿਰ 'ਤੇ ਗੰਭੀਰ ਸੱਟਾਂ ਲੱਗਣ ਅਤੇ ਜ਼ਿਆਦਾ ਖ਼ੂਨ ਵਹਿਣ ਕਾਰਨ ਦੋਵਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ (SSF) ਅਤੇ ਭੋਗਪੁਰ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਭੋਗਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।ਭੋਗਪੁਰ ਥਾਣੇ ਦੇ ਜਾਂਚ ਅਧਿਕਾਰੀ ਤਲਵਿੰਦਰ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਜਲੰਧਰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾਇਆ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਦੇਹਾਂ ਵਾਰਸਾਂ ਦੇ ਸੁਪਰਦ ਕੀਤੀਆਂ ਜਾਣਗੀਆਂ। ਪੁਲਸ ਹਾਈਵੇਅ 'ਤੇ ਸਥਿਤ ਦੁਕਾਨਾਂ ਦੇ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ ਤਾਂ ਜੋ ਅਣਪਛਾਤੇ ਵਾਹਨ ਦਾ ਪਤਾ ਲਗਾਇਆ ਜਾ ਸਕੇ ਅਤੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ।
Politics
