ਜਲੰਧਰ ਚ ਫੜਿਆ 425 ਕਿਲੋ ਪਨੀਰ ਪੜੋ ਪੂਰੀ ਖ਼ਬਰ
..ਜਲੰਧਰ , ਵਰਿੰਦਰ ਰਾਜ ਪੁੱਤ --ਮਿਲਾਵਟੀ ਅਤੇ ਘਟੀਆ ਕਿਸਮ ਦੇ ਖੁਰਾਕੀ ਪਦਾਰਥਾਂ ਦੀ ਵਿਕਰੀ ’ਤੇ ਰੋਕ ਲਗਾਉਣ ਲਈ ਜਾਰੀ ਮੁਹਿੰਮ ਤਹਿਤ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਮੰਗਲਵਾਰ ਨੂੰ ਸ਼ੱਕ ਦੇ ਆਧਾਰ ’ਤੇ ਦੋ ਵਾਹਨਾਂ ਤੋਂ ਲਗਭਗ 425 ਕਿਲੋ ਪਨੀਰ ਜ਼ਬਤ ਕੀਤਾ ਅਤੇ ਸੈਂਪਲ ਵੀ ਭਰੇ।ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਲਗਾਤਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਕਿ ਕੁਝ ਲੋਕ ਦੂਜੇ ਸ਼ਹਿਰਾਂ ਤੋਂ ਘੱਟ ਕੀਮਤ ’ਤੇ ਪਨੀਰ ਮੰਗਵਾ ਕੇ ਸ਼ਹਿਰ ਵਿਚ ਸਪਲਾਈ ਕਰ ਰਹੇ ਹਨ ਅਤੇ ਇਹ ਪਨੀਰ ਸ਼ਾਇਦ ਗੁਣਵੱਤਾ ਦੇ ਆਧਾਰ ’ਤੇ ਸਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅਜਿਹੀ ਹੀ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਦੀ ਅਗਵਾਈ ਹੇਠ ਫੂਡ ਸੇਫਟੀ ਅਧਿਕਾਰੀ ਰਾਸ਼ੂ ਮਹਾਜਨ ਦੀ ਟੀਮ ਨੇ ਮੰਗਲਵਾਰ ਨੂੰ ਰਾਮਾ ਮੰਡੀ ਵਿਚ ਇਕ ਵਾਹਨ ਨੂੰ ਰੋਕ ਕੇ ਜਦੋਂ ਚੈਕਿੰਗ ਕੀਤੀ ਤਾਂ ਉਸ ਵਿਚੋਂ 150 ਕਿਲੋ ਪਨੀਰ ਬਰਾਮਦ ਹੋਇਆ ਜੋ ਕਿ ਬਠਿੰਡਾ ਤੋਂ ਆ ਰਿਹਾ ਸੀ ਅਤੇ ਆਦਮਪੁਰ ਅਤੇ ਹੁਸ਼ਿਆਰਪੁਰ ਵਿਚ ਸਪਲਾਈ ਹੋਣਾ ਸੀ।ਸਹਾਇਕ ਫੂਡ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਇਕ ਹੋਰ ਵਾਹਨ ਨੂੰ ਗੋਲਡਨ ਐਵੇਨਿਊ ਵਿਚ ਇਕ ਘਰ ਦੇ ਬਾਹਰ ਜਦੋਂ ਚੈੱਕ ਕੀਤਾ ਗਿਆ ਤਾਂ ਉਸ ਵਿਚ ਲਗਭਗ 275 ਕਿਲੋ ਪਨੀਰ ਬਰਾਮਦ ਹੋਇਆ। ਵਾਹਨ ਚਾਲਕ ਅਤੇ ਘਰ ਦੇ ਮਾਲਕਾਂ ਨੇ ਦੱਸਿਆ ਕਿ ਇਹ ਪਨੀਰ ਜਗਰਾਓਂ ਸਥਿਤ ਇਕ ਡੇਅਰੀ ਤੋਂ ਆਇਆ ਹੈ ਅਤੇ ਇਹ ਸ਼ਹਿਰ ਦੇ ਵੱਖ-ਵੱਖ ਢਾਬਿਆਂ ਅਤੇ ਰੈਸਟੋਰੈਂਟਾਂ ਵਿਚ ਸਪਲਾਈ ਕੀਤਾ ਜਾਣਾ ਹੈ।
ਫੂਡ ਸੇਫਟੀ ਟੀਮ ਨੇ ਸ਼ੱਕ ਦੇ ਆਧਾਰ ’ਤੇ ਦੋਵਾਂ ਵਾਹਨਾਂ ਦਾ ਪਨੀਰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਸੈਂਪਲ ਭਰ ਕੇ ਸਟੇਟ ਫੂਡ ਲੈਬਾਰਟਰੀ ਵਿਚ ਗੁਣਵੱਤਾ ਚੈੱਕ ਕਰਨ ਲਈ ਭੇਜ ਦਿੱਤਾ। ਸਹਾਇਕ ਫੂਡ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸੈਂਪਲਾਂ ਦੀ ਰਿਪੋਰਟ ਦੋ-ਤਿੰਨ ਦਿਨਾਂ ਵਿਚ ਆ ਜਾਵੇਗੀ ਅਤੇ ਜੇਕਰ ਇਹ ਪਨੀਰ ਮਿਲਾਵਟੀ ਜਾਂ ਘਟੀਆ ਕਿਸਮ ਦਾ ਪਾਇਆ ਗਿਆ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ।
Crime
