ਦਿੱਲੀ/ਲੋਕ ਬਾਣੀ
ਦਿੱਲੀ ਟਰਾਂਸਪੋਰਟ ਵਿਭਾਗ ਨੇ ਸ਼ਨੀਵਾਰ ਨੂੰ ਇੱਕ ਜਨਤਕ ਨੋਟਿਸ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਸ਼ਹਿਰ ਦੀਆਂ ਸੜਕਾਂ ’ਤੇ ਚੱਲਣ ਵਾਲੇ ਜਾਂ ਜਨਤਕ ਥਾਵਾਂ ’ਤੇ ਪਾਰਕ ਕੀਤੇ ‘ਐਂਡ-ਆਫ-ਲਾਈਫ’ (ਮਿਆਦ ਪੁੱਗ ਚੁੱਕੇ) ਵਾਹਨਾਂ ਨੂੰ ਹੁਣ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਜ਼ਬਤ ਕਰਕੇ ਸਿੱਧਾ ਸਕਰੈਪ(ਕਬਾੜ) ਕਰ ਦਿੱਤਾ ਜਾਵੇਗਾ।
ਇਹ ਕਦਮ ਕੌਮੀਂ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਅਤੇ ਵਾਤਾਵਰਣ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਚੁੱਕਿਆ ਗਿਆ ਹੈ। ਨਿਯਮਾਂ ਅਨੁਸਾਰ, 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨ ਅਤੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਨੂੰ ਐਂਡ-ਆਫ-ਲਾਈਫ ਵਾਹਨਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।ਵਿਭਾਗ ਨੇ ਖਾਸ ਤੌਰ ’ਤੇ BS-III ਅਤੇ ਇਸ ਤੋਂ ਹੇਠਲੇ ਮਿਆਰ ਵਾਲੇ ਵਾਹਨਾਂ ’ਤੇ ਸ਼ਿਕੰਜਾ ਕੱਸਣ ਦੀ ਗੱਲ ਕਹੀ ਹੈ। ਅਜਿਹੇ ਵਾਹਨਾਂ ਦੇ ਮਾਲਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਤੁਰੰਤ ‘ਨੋ ਆਬਜੈਕਸ਼ਨ ਸਰਟੀਫਿਕੇਟ’ (NOC) ਪ੍ਰਾਪਤ ਕਰਨ ਅਤੇ ਆਪਣੇ ਵਾਹਨਾਂ ਨੂੰ ਦਿੱਲੀ-NCR ਤੋਂ ਬਾਹਰ ਕਿਸੇ ਹੋਰ ਸ਼ਹਿਰ ਵਿੱਚ ਤਬਦੀਲ ਕਰ ਲੈਣ।ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਵਿੱਚੋਂ ਪੁਰਾਣੇ ਵਾਹਨਾਂ ਨੂੰ ਹਟਾਉਣ ਲਈ ਜਲਦੀ ਹੀ ਇੱਕ ਨਵੀਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
