ਪੰਜਾਬ ਵਿਚ ਪਟਵਾਰੀਆਂ ਦੀ ਘਾਟ ਸਰਕਾਰ ਲਵੇ ਇਹ ਫੈਸਲਾ ……..
ਪੰਜਾਬ ਵਿਚ ਪਟਵਾਰੀਆਂ ਦੀ ਘਾਟ ਸਰਕਾਰ ਲਵੇ ਇਹ ਫੈਸਲਾ ……..
ਜਲੰਧਰ ( ਜੋਤਿ ਪ੍ਰਕਾਸ਼ ) ਪੰਜਾਬ ਵਿਚ ਪਟਵਾਰੀਆਂ ਦੀ ਘਾਟ ਕਾਰਨ ਸਰਕਾਰਾਂ ਦੀ ਰੀੜ੍ਹ ਦੀ ਹੱਡੀ ਸਮਝੇ ਜਾਣ ਵਾਲੇ ਮਾਲ ਮਹਿਕਮੇ ਦੀਆਂ ਖ਼ੁਦ ਦੀਆਂ ਆਪਣੀਆਂ ਹੀ ਹੱਡੀਆਂ ਇਸ ਕਦਰ ਕਮਜ਼ੋਰ ਹੋ ਗਈਆਂ ਹਨ ਕਿ ਉਹ ਢਿਚਕੂ ਢਿਚਕੂ ਕਰਨ ਲਈ ਮਜਬੂਰ ਹਨ | ਪੰਜਾਬ ਵਿਚ ਪਟਵਾਰੀਆਂ ਦੀ ਘਾਟ ਦਾ ਖ਼ਮਿਆਜ਼ਾ ਜਿੱਥੇ ਕਿਸਾਨਾਂ ਤੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਉੱਥੇ ਕੰਮ ਦੇ ਬੋਝ ਕਾਰਨ ਸਮੁੱਚਾ ਪਟਵਾਰੀ ਵਰਗ ਵੀ ਕੁੱਬਾ ਹੋਇਆ ਪਿਆ ਹੈ | ਇਸ ਵੇਲੇ ਪੰਜਾਬ ਵਿਚ ਪਟਵਾਰੀਆਂ ਦੀਆਂ ਕੁੱਲ 4719 ਅਸਾਮੀਆਂ ਹਨ | ਜਿਨ੍ਹਾਂ ਵਿਚੋਂ 2469 ਹਲਕਿਆਂ ਵਿਚ ਪਟਵਾਰੀ ਤਾਇਨਾਤ ਹਨ ਤੇ 2250 ਹਲਕੇ ਖਾਲੀ ਪਏ ਹਨ | ਜਿਨ੍ਹਾਂ ਦਾ ਕੰਮ ਪ੍ਰਸ਼ਾਸਨ ਵੱਲੋਂ ਆਪਣੇ ਅਸਲ ਹਲਕਿਆਂ ਵਿਚ ਸੇਵਾ ਨਿਭਾ ਰਹੇ ਪਟਵਾਰੀਆਂ ਨੂੰ ਵਾਧੂ ਚਾਰਜ ਦੇ ਕੇ ਬੁੱਤਾ ਸਾਰਿਆ ਜਾ ਰਿਹਾ ਹੈ | ਜੇਕਰ ਜ਼ਿਲ੍ਹਾਵਾਰ ਗੱਲ ਕਰੀਏ ਤਾਂ ਅੰਮਿ੍ਤਸਰ ਵਿਚ 316 ਵਿਚੋਂ 209, ਬਠਿੰਡਾ ਵਿਚ 171 ਵਿਚੋਂ 25, ਬਰਨਾਲਾ ਵਿਚ 119 ਵਿਚੋਂ 46, ਫ਼ਰੀਦਕੋਟ ਵਿਚ 93 ਵਿਚੋਂ 47, ਫ਼ਿਰੋਜ਼ਪੁਰ ਵਿਚ 152 ਵਿਚੋਂ 87, ਫ਼ਤਿਹਗੜ੍ਹ ਸਾਹਿਬ ਵਿਚ 118 ਵਿਚੋਂ 45, ਫ਼ਾਜ਼ਿਲਕਾ ਵਿਚ 156 ਵਿਚੋਂ 42, ਗੁਰਦਾਸਪੁਰ ਵਿਚ 336 ਵਿਚੋਂ 108, ਹੁਸ਼ਿਆਰਪੁਰ ਵਿਚ 435 ਵਿਚੋਂ 267, ਜਲੰਧਰ ਵਿਚ 396 ਵਿਚੋਂ 219, ਕਪੂਰਥਲਾ ਵਿਚ 188 ਵਿਚੋਂ 123, ਲੁਧਿਆਣਾ ਵਿਚ 449 ਵਿਚੋਂ 266, ਮਾਨਸਾ ਵਿਚ 132 ਵਿਚੋਂ 51, ਮੋਗਾ ਵਿਚ 189 ਵਿਚ 96, ਮੁਕਤਸਰ ਵਿਚ 122 ਵਿਚੋਂ 38, ਪਟਿਆਲਾ ਵਿਚ 260 ਵਿਚੋਂ 72, ਪਠਾਨਕੋਟ ਵਿਚ 99 ਵਿਚੋਂ 69, ਰੂਪਨਗਰ ਵਿਚ 158 ਵਿਚੋਂ 61, ਸੰਗਰੂਰ ਵਿਚ 282 ਵਿਚੋਂ 85, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ 141 ਵਿਚੋਂ 44, ਸ਼ਹੀਦ ਭਗਤ ਸਿੰਘ ਨਗਰ ਵਿਚ 179 ਵਿਚੋਂ 129 ਅਤੇ ਤਰਨਤਾਰਨ ਵਿਚ 228 ਵਿਚੋਂ 121 ਪਟਵਾਰ ਹਲਕੇ ਖਾਲੀ ਪਏ ਹਨ ਅਤੇ ਸਿਤਮ ਜ਼ਰੀਫੀ ਦੀ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਕੋਲ ਇਸ ਵੇਲੇ ਇਨ੍ਹਾਂ ਖਾਲੀ ਹਲਕਿਆਂ ਵਿਚ ਤਾਇਨਾਤ ਕਰਨ ਲਈ ਇਕ ਵੀ ਵਿਅਕਤੀ ਨਹੀਂ ਹੈ | ਖਾਲੀ ਹਲਕੇ ਭਰਨ ਵਾਸਤੇ ਇਕ ਪਟਵਾਰੀ ਤਿਆਰ ਕਰਨ ਲਈ ਪਟਵਾਰ ਸਕੂਲ ਵਿਚ ਕੋਰਸ ਕਰਨ ਤੋਂ ਲੈ ਕੇ ਫ਼ੀਲਡ ਟ੍ਰੇਨਿੰਗ ਪੂਰੀ ਕਰਨ ਤੱਕ ਦੋ ਢਾਈ ਸਾਲ ਦਾ ਸਮਾਂ ਲੱਗ ਜਾਂਦਾ ਹੈ | ਜੇ ਇਸ ਹਿਸਾਬ ਨਾਲ ਵੇਖਿਆ ਜਾਵੇ ਤਾਂ 2020 ਤੱਕ 810 ਪਟਵਾਰੀਆਂ ਦੀ ਸੇਵਾ ਮੁਕਤੀ ਤੇ ਪੱਦ ਉੱਨਤੀ ਹੋਣ ਨਾਲ ਖਾਲੀ ਹਲਕਿਆਂ ਦੀ ਗਿਣਤੀ 3060 ਹੋ ਜਾਣੀ ਹੈ ਤੇ ਫਿਰ ਉਸ ਵੇਲੇ ਮਾਲ ਮਹਿਕਮੇ ਦਾ ਰੱਬ ਹੀ ਬਾਲੀ ਵਾਰਸ ਹੋ ਸਕੇਗਾ | ਹਜ਼ਾਰਾਂ ਦੀ ਗਿਣਤੀ ਵਿਚ ਖਾਲੀ ਪਏ ਹਲਕਿਆਂ ਦਾ ਕੰਮ ਚਲਾਉਣ ਲਈ ਪ੍ਰਸ਼ਾਸਨ ਨੇ 1-1 ਪਟਵਾਰੀ ਨੂੰ 2-2 ਤੋਂ ਲੈ ਕੇ 7-7 ਹਲਕਿਆਂ ਦਾ ਕੰਮ ਕਰਨ ਲਈ ਮਜਬੂਰ ਕੀਤਾ ਹੋਇਆ ਹੈ | ਜਿਸ ਕਾਰਨ ਪਟਵਾਰੀਆਂ ਦੀ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਹਰਾਮ ਹੋਇਆ ਪਿਆ ਹੈ ਤੇ ਉਹ ਮਾਨਸਿਕ ਤਣਾਅ ਦਾ ਵੀ ਸ਼ਿਕਾਰ ਹੋ ਰਹੇ ਹਨ, ਜਿਸ ਲਈ ਪੰਜਾਬ ਦੀ ਮੌਜੂਦਾ ਕਾਂਗਰਸ ਪਾਰਟੀ ਦੀ ਸਰਕਾਰ ਹੀ ਨਹੀ ਸਗੋਂ ਇਸ ਤੋਂ ਪਹਿਲੀ ਅਕਾਲੀ ਭਾਜਪਾ ਸਰਕਾਰ ਵੀ ਬਰਾਬਰ ਦੀ ਕਸੂਰਵਾਰ ਹੈ ਜਿਨ੍ਹਾਂ ਨੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਖਾਲੀ ਪਈਆਂ ਪਟਵਾਰੀਆਂ ਦੀਆਂ ਅਸਾਮੀਆਂ ਪੁਰ ਕਰਨ ਲਈ ਕੁੱਝ ਵੀ ਨਹੀਂ ਕੀਤਾ | ਸਰਕਾਰ ਦੂਰ-ਅੰਦੇਸ਼ੀ ਤੋਂ ਕੰਮ ਲੈ ਕੇ ਦਸੰਬਰ 2022 ਤੱਕ 3060 ਹਲਕਿਆਂ ਦੇ ਖਾਲੀ ਹੋਣ ਦੀ ਗੱਲ ਨੂੰ ਮੁੱਖ ਰੱਖ ਕੇ ਬਿਨਾਂ ਕਿਸੇ ਦੇਰੀ 3500 ਤੋਂ ਵੱਧ ਨਵੇ ਪਟਵਾਰੀ ਭਰਤੀ ਕਰੇ ਤਾਂ ਕਿ ਪਟਵਾਰੀ, ਕਿਸਾਨ ਅਤੇ ਆਮ ਲੋਕ ਪ੍ਰੇਸ਼ਾਨੀ ਮੁਕਤ ਹੋ ਸਕਣ | ਅਜਿਹਾ ਹੋਣ ਨਾਲ ਪਟਵਾਰੀਆਂ ਨੂੰ ਇੱਕ ਤੋਂ ਵੱਧ ਹਲਕਿਆਂ ਦੇ ਕੰਮ ਤੋਂ ਵੀ ਰਾਹਤ ਮਿਲ ਜਾਵੇਗੀ ਅਤੇ ਨਾ ਹੀ ਉਨ੍ਹਾਂ ਨੂੰ ਕੰਮ ਕਰਨ ਲਈ ਕਰਿੰਦੇ ਰੱਖਣ ਦੀ ਲੋੜ ਰਹੇਗੀ