ਕਿਥੇ ਲੱਗ ਰਹੀ ਹੈ ‘ਗੁੱਡੀਆਂ-ਪਟੋਲੇ’ ਦੀ ਪ੍ਰਦਰਸ਼ਨੀ …….
ਕਿਥੇ ਲੱਗ ਰਹੀ ਹੈ ‘ਗੁੱਡੀਆਂ-ਪਟੋਲੇ’ ਦੀ ਪ੍ਰਦਰਸ਼ਨੀ …….
ਚੰਡੀਗੜ ( ਪੰਕਜ ) ਲੋਕ ਕਲਾ ਪ੍ਰਦਰਸ਼ਨੀ ‘ਗੁੱਡੀਆਂ-ਪਟੋਲੇ’ ਚੰਡੀਗੜ੍ਹੀਆਂ ਨੂੰ ਚਾਰ ਧੀਆਂ ਦੇ ਬਚਪਨ ਦੀਆਂ ਯਾਦਾਂ ਦਿਵਾਏਗੀ | ਗੁੱਡੀਆਂ ਪਟੋਲੇ ਲੜੀ ਅਧੀਨ ਪਹਿਲੀ ਲੋਕ ਕਲਾ ਪ੍ਰਦਰਸ਼ਨੀ ਪੰਜਾਬ ਆਰਟਸ ਕੌਾਸਲ ਦੇ ਸਹਿਯੋਗ ਨਾਲ 19 ਜੁਲਾਈ ਤੋਂ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਡਾ. ਦਵਿੰਦਰ ਕੌਰ ਢੱਟ ਵਲੋਂ ਲਗਾਈ ਜਾ ਰਹੀ ਹੈ | ਡਾ. ਢੱਟ ਨੇ ਆਪਣੀ ਕਲਾ ਬਣਾ ਕੇ ਗੁੱਡੀਆਂ-ਪਟੋਲਿਆਂ ਦੇ ਪਰਿਵਾਰ ਨੂੰ ਆਪਣੇ ਨਾਲ-ਨਾਲ ਰੱਖਿਆ ਤੇ ਇਨ੍ਹਾਂ ਰਾਹੀਂ ਉਸ ਪੰਜਾਬ ਨੂੰ ਵੀ ਨਾਲ ਰੱਖਿਆ ਜਿਹੜਾ ਅਸੀਂ ਆਪਣੇ ਬਚਪਨ ਤੇ ਚੜ੍ਹਦੀ ਜਵਾਨੀ ਵੇਲੇ ਦੇਖਿਆ ਸੀ | ਡਾ. ਢੱਟ ਅਨੁਸਾਰ ਗੁੱਡੀਆਂ ਪਟੋਲੇ ਲੜੀ ਦੀ ਪ੍ਰਦਰਸ਼ਨੀ ਔਰਤ ਦੇ ਬਾਲਮਨ ਦੀ ਮਾਨਸਿਕਤਾ ਦੇ ਸੰਵਾਰਨ ਤਰਾਸ਼ਣ, ਆਪਣੇ ਚਾਵਾਂ, ਖ਼ੁਸ਼ੀਆਂ, ਉਮੰਗਾਂ ਤਰੰਗਾਂ ਨੂੰ ਸਥੂਲ ਰੂਪ ਵਿਚ ਵੇਖਣ ਦਾ ਮੌਕਾ ਦੇਣ ਦੀ ਹੀ ਕੋਸ਼ਿਸ਼ ਨਹੀਂ, ਸਗੋਂ ਧੀਆਂ ਦੇ ਨਾਲ ਜੁੜੀਆਂ ਮਾਪਿਆਂ ਅਤੇ ਖ਼ੁਦ ਉਸ ਦੀਆਂ ਬਾਲ ਅਵਸਥਾ ਨੂੰ ਬੀਤੇ ਕੱਲ੍ਹ ਵਿਚ ਮੁੜ ਝਾਤੀ ਮਾਰਨ ਦਾ ਮੌਕਾ ਦੇਵੇਗੀ | ਬਚਪਨ ਵੇਲੇ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਦੇ ਮਾਹੌਲ ਵਿਚ ਧੀਆਂ-ਭੈਣਾਂ ਘਰਾਂ ‘ਚ ਅਕਸਰ ਹੀ ਗੁੱਡੀਆਂ ਪਟੋਲੇ ਸਿਰਜਦੀਆਂ ਸਨ | ਗੁੱਡੀਆਂ-ਪਟੋਲੇ-ਕਿੰਨਾ ਕਮਾਲ ਦਾ ਅਨੁਭਵ ਹੋਵੇਗਾ, ਮਾਂਵਾਂ ਤੇ ਫਿਰ ਧੀਆਂ ਦਾ ਗੁੱਡੀਆਂ ਪਟੋਲੇ ਬਣਾਉਣ ਦਾ | ਉਨ੍ਹਾਂ ਦੇ ਹੱਥ ਕਦੇ ਮਾਂ ਦੇ ਬਣ ਜਾਂਦੇ ਹੋਣਗੇ, ਕਦੇ ਧੀ ਦੇ, ਕਦੇ ਪ੍ਰਤਿਭਾਸ਼ੀਲ ਕਲਾਕਾਰ ਦੇ, ਕਦੇ ਰੱਬ ਦੇ | ਗੁੱਡੀਆਂ ਨਾਲ ਖੇਡਦੀਆਂ ਉਹ ਬਾਲੜੀਆਂ ਮਾਵਾਂ ਦਾ ਰੋਲ ਅਦਾ ਕਰਦੀਆਂ ਵੱਡੀਆਂ ਹੋ ਜਾਂਦੀਆਂ | ਵਿਆਹੀਆਂ-ਵਰੀਆਂ ਜਾਂਦੀਆਂ, ਪੇਕਿਆਂ ਨੂੰ ਓਦਰਦੀਆਂ ਤਾਂ ਉਨ੍ਹਾਂ ਨੂੰ ਪੇਕੇ ਪਰਵਾਰ ਦੇ ਨਾਲ ਨਾਲ ਗੁੱਡੀਆਂ ਪਟੋਲੇ ਵੀ ਯਾਦ ਆਉਂਦੇ | ਇਹ ਵੀ ਤਾਂ ਇਕ ਪਰਿਵਾਰ ਸੀ | ਇਸ ਦੇ ਨਾਲ ਵੀ ਕਿੰਨੀਆਂ ਗਹਿਰੀਆਂ ਭਾਵਨਾਵਾਂ ਜੁੜੀਆਂ ਸਨ ਤਾਂ ਹੀ ਤਾਂ ਉਹ ਗਾਉਂਦੀਆਂ ਹਨ |
ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ…
ਇਸ ਪ੍ਰੋਗਰਾਮ ਦੇ ਪ੍ਰਬੰਧਕ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਡਾ. ਦਵਿੰਦਰ ਕੌਰ ਢੱਟ ਨੇ ਆਪਣੀ, ਲਗਨ, ਮਿਹਨਤ ਅਤੇ ਪ੍ਰਤਿਭਾ ਨਾਲ ਪੰਜਾਬੀ ਲੋਕ ਕਲਾ ਦੀ ਸੁੰਦਰਤਾ ਨੂੰ ਸੰਭਾਲਿਆ ਤੇ ਹੋਰ ਨਿਖਾਰਿਆ ਹੈ | ਇਸ ਵੇਲੇ ਪੰਜਾਬ ਦੀਆਂ ਕੁਝ ਯੂਨੀਵਰਸਿਟੀਆਂ ਆਪਣੇ ਯੁਵਕ ਮੇਲਿਆਂ ਵਿਚ ਵੀ ਲੋਕ ਕਲਾ ਵੰਨਗੀਆਂ ਦੇ ਮੁਕਾਬਲੇ ਕਰਵਾ ਕੇ ਨੌਜਵਾਨ ਪੀੜ੍ਹੀ ਨੂੰ ਸਿਰਜਣਾਤਮਕ ਸੂਝ ਮੁਹੱਈਆ ਕਰਵਾ ਰਹੀਆਂ ਹਨ | ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਇਹ ਪ੍ਰਦਰਸ਼ਨੀ ਧੀਆਂ ਦੇ ਚਾਵਾਂ ਦੇ ਪਰਾਗਿਆਂ ਜਿਹੇ ਗੁੱਡੀਆਂ-ਪਟੋਲੇ ਰਾਹੀਂ ਸਦੀਵ ਸਲਾਮਤੀ ਦਾ ਇਕਰਾਰਨਾਮਾ ਹੈ