• Saturday, 30 May 2026
Advertisement Advertisement
ਵਿਜੀਲੈਂਸ ਨੇ ਕਾਬੂ ਕੀਤਾ ਰਿਸ਼ਵਤ ਖੋਰ ਅਧਿਕਾਰੀ

30 May 2026

ਵਿਜੀਲੈਂਸ ਨੇ ਕਾਬੂ ਕੀਤਾ ਰਿਸ਼ਵਤ ਖੋਰ ਅਧਿਕਾਰੀ

ਗੁਰਦਾਸਪੁਰ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਵਿਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਵੱਲੋਂ ਗੁਰਦਾਸਪੁਰ ਵਿਖੇ ਇੱਕ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।     

ਜੇਲ੍ਹ ਰੋਡ 'ਤੇ ਸਥਿਤ ਪਾਵਰਕੌਮ (PSPCL) ਦੇ ਦਫ਼ਤਰ ਵਿੱਚ ਛਾਪੇਮਾਰੀ ਕਰਕੇ ਵਿਜੀਲੈਂਸ ਵਿਭਾਗ ਨੇ ਲੇਖਾ ਮੰਡਲ ਦੇ ਸੁਪਰੀਡੈਂਟ ਅੰਮ੍ਰਿਤਪਾਲ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਸੁਪਰੀਡੈਂਟ ਆਪਣੇ ਹੀ ਵਿਭਾਗ ਦੇ ਇੱਕ ਸੇਵਾਮੁਕਤ ਮੁਲਾਜ਼ਮ ਦਾ ਜਾਇਜ਼ ਫੰਡ ਜਾਰੀ ਕਰਨ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ, ਸਥਾਨਕ ਇਸਲਾਮਾਬਾਦ ਮੁਹੱਲੇ ਦੇ ਰਹਿਣ ਵਾਲੇ ਸੇਵਾਮੁਕਤ ਜੇ.ਈ. (JE) ਬਿਸੰਬਰ ਦਾਸ ਦਾ ਬਿਜਲੀ ਵਿਭਾਗ ਵੱਲ ਕਰੀਬ 1 ਲੱਖ ਰੁਪਏ ਦਾ ਰਿਟਾਇਰਮੈਂਟ ਬਕਾਇਆ (Arrears) ਖੜ੍ਹਾ ਸੀ।

ਆਪਣੀ ਹੀ ਮਿਹਨਤ ਦੀ ਕਮਾਈ ਲੈਣ ਲਈ ਬਿਸੰਬਰ ਦਾਸ ਪਿਛਲੇ ਇੱਕ ਸਾਲ ਤੋਂ ਲਗਾਤਾਰ ਬਿਜਲੀ ਵਿਭਾਗ ਦੇ ਦਫ਼ਤਰ ਵਿੱਚ ਸੁਪਰੀਡੈਂਟ ਕੋਲ ਚੱਕਰ ਲਗਾ ਰਹੇ ਸਨ।

ਪਰ ਲੇਖਾਕਾਰ ਅੰਮ੍ਰਿਤਪਾਲ ਸਿੰਘ ਵੱਲੋਂ ਉਨ੍ਹਾਂ ਨੂੰ ਪਿਛਲੇ ਇੱਕ ਸਾਲ ਤੋਂ ਲਗਾਤਾਰ ਖੱਜਲ-ਖੁਆਰ ਕੀਤਾ ਜਾ ਰਿਹਾ ਸੀ। ਆਖ਼ਰਕਾਰ, ਇਹ ਬਕਾਇਆ ਰਾਸ਼ੀ ਦਿਵਾਉਣ ਦੇ ਏਵਜ਼ ਵਿੱਚ ਸੁਪਰੀਡੈਂਟ ਅੰਮ੍ਰਿਤਪਾਲ ਸਿੰਘ ਨੇ ਸੇਵਾਮੁਕਤ ਜੇ.ਈ. ਪਾਸੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ।

ਸੁਪਰੀਡੈਂਟ ਦੀ ਇਸ ਨਾਜਾਇਜ਼ ਮੰਗ ਤੋਂ ਪਰੇਸ਼ਾਨ ਹੋ ਕੇ ਬਿਸੰਬਰ ਦਾਸ ਨੇ ਇਸ ਦੀ ਲਿਖਤੀ ਜਾਣਕਾਰੀ ਵਿਜੀਲੈਂਸ ਵਿਭਾਗ ਨੂੰ ਦੇ ਦਿੱਤੀ। ਸ਼ਿਕਾਇਤ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦਿਆਂ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ।

ਯੋਜਨਾਬੱਧ ਤਰੀਕੇ ਨਾਲ, ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਜਿਵੇਂ ਹੀ ਸੇਵਾਮੁਕਤ ਜੇ.ਈ. ਨੇ ਪਾਵਰਕੌਮ ਦਫ਼ਤਰ ਜਾ ਕੇ ਸੁਪਰੀਡੈਂਟ ਅੰਮ੍ਰਿਤਪਾਲ ਸਿੰਘ ਨੂੰ ਰਿਸ਼ਵਤ ਦੇ 15 ਹਜ਼ਾਰ ਰੁਪਏ ਫੜਾਏ, ਤਾਂ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਮੌਕੇ ‘ਤੇ ਹੀ ਰੰਗੇ ਹੱਥੀਂ ਦਬੋਚ ਲਿਆ।

ਵਿਜੀਲੈਂਸ ਵੱਲੋਂ ਮੁਲਜ਼ਮ ਦੇ ਹੱਥ ਧੁਆਏ ਜਾਣ ‘ਤੇ ਰੰਗ ਗੁਲਾਬੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਵਿਜੀਲੈਂਸ ਨੇ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Published on: 30 May 2026

Amandeep Mehra
📣 Share this post

Latest News