• Saturday, 30 May 2026
Advertisement Advertisement
ਫੇਰ ਚੱਲੀ ਗੋਲੀ ਨੋਜਵਾਨ ਦੀ ਹੋਈ ਮੌਤ

30 May 2026

ਫੇਰ ਚੱਲੀ ਗੋਲੀ ਨੋਜਵਾਨ ਦੀ ਹੋਈ ਮੌਤ

ਮੋਗਾ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਵਿੱਚ ਅਪਰਾਧਿਕ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਮਲਾਵਰਾਂ ਨੇ ਕਈ ਪੁਲਿਸ ਮਾਮਲਿਆਂ ਵਿੱਚ ਲੋੜੀਂਦੇ ਇੱਕ 30 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਅਰਸ਼ਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਬੱਧਣੀ ਕਲਾਂ ਦਾ ਰਹਿਣ ਵਾਲਾ ਸੀ। ਇਹ ਖ਼ੌਫਨਾਕ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਇੱਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਅਰਸ਼ਦੀਪ ਸਿੰਘ ਆਪਣੇ ਦੋਸਤਾਂ ਨਾਲ ਵੱਖ-ਵੱਖ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਧਰਮਕੋਟ ਦੇ ਪਿੰਡ ਇੰਦਰਗੜ੍ਹ ਸਥਿਤ ‘ਪੀਰ ਬਾਬਾ ਝਿੜੀ ਵਾਲੇ’ ਦੀ ਦਰਗਾਹ ‘ਤੇ ਮੱਥਾ ਟੇਕਣ ਲਈ ਗਿਆ ਸੀ। ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਆ ਰਿਹਾ ਸੀ, ਤਾਂ ਪਿੰਡ ਕਪੂਰੇ ਦੇ ਤਿਕੋਣ (ਮੋੜ) ਨੇੜੇ ਘਾਤ ਲਾ ਕੇ ਬੈਠੇ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਨਿਸ਼ਾਨਾ ਬਣਾਇਆ।ਹਮਲਾਵਰਾਂ ਨੇ ਅਰਸ਼ਦੀਪ ਦੇ ਸਿਰ ਵਿੱਚ ਸਿੱਧੀ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਦਿਨ-ਦਿਹੜੇ ਹੋਈ ਇਸ ਗੋਲੀਬਾਰੀ ਦੀ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਪੁਲਿਸ ਅਧਿਕਾਰੀ ਅਤੇ ਫੋਰੈਂਸਿਕ ਵਿਗਿਆਨੀਆਂ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਫੋਰੈਂਸਿਕ ਟੀਮ ਵੱਲੋਂ ਘਟਨਾ ਸਥਾਨ ਤੋਂ ਜ਼ਰੂਰੀ ਸਬੂਤ ਅਤੇ ਨਮੂਨੇ ਇਕੱਠੇ ਕੀਤੇ ਗਏ। ਥਾਣਾ ਮਹਿਣਾ ਦੇ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪਹਿਲਾਂ ਮੁਸ਼ਕਿਲ ਸੀ, ਪਰ ਬਾਅਦ ਵਿੱਚ ਉਸ ਦੀ ਸ਼ਨਾਖਤ ਹੋ ਗਈ। ਪੁਲਿਸ ਮੁਤਾਬਕ ਮ੍ਰਿਤਕ ਦੀ ਮਾਂ ਅਮਰਜੀਤ ਕੌਰ ਨੇ ਬਿਆਨ ਦਰਜ ਕਰਵਾਇਆ ਹੈ ਕਿ ਅਰਸ਼ਦੀਪ ਸਿੰਘ ਪਿਛਲੇ ਪੰਜ ਮਹੀਨਿਆਂ ਤੋਂ ਘਰੋਂ ਫ਼ਰਾਰ ਚੱਲ ਰਿਹਾ ਸੀ। ਉਸ ਵਿਰੁੱਧ ਥਾਣਾ ਮਹਿਣਾ, ਬੱਧਣੀ ਕਲਾਂ ਅਤੇ ਹੋਰਨਾਂ ਥਾਣਿਆਂ ਵਿੱਚ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਈ ਮੁਕੱਦਮੇ ਦਰਜ ਸਨ, ਜਿਸ ਕਾਰਨ ਪੁਲਿਸ ਲਗਾਤਾਰ ਉਸ ਦੀ ਭਾਲ ਕਰ ਰਹੀ ਸੀ।ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਤਲ (Murder) ਅਤੇ ਅਸਲਾ ਐਕਟ (Arms Act) ਦੇ ਤਹਿਤ ਸੰਗੀਨ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਸਮਾਜ ਸੇਵਾ ਸੁਸਾਇਟੀ ਦੀ ਮਦਦ ਨਾਲ ਲਾਸ਼ ਨੂੰ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਇਲਾਕੇ ਦੇ ਸੀਸੀਟੀਵੀ (CCTV) ਕੈਮਰੇ ਖੰਗਾਲੇ ਜਾ ਰਹੇ ਹਨ।

Published on: 30 May 2026

Amandeep Mehra
📣 Share this post

Latest News