ਬੈਂਗਲੁਰੂ,ਲੋਕਬਾਣੀ-- ਇਸ ਵੇਲੇ ਦੀ ਵੱਡੀ ਖ਼ਬਰ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅੱਜ ਦੁਪਹਿਰ 3 ਵਜੇ ਅਸਤੀਫ਼ਾ ਦੇਣਗੇ। ਉਨ੍ਹਾਂ ਨੇ ਬੈਂਗਲੁਰੂ ਸਥਿਤ ਆਪਣੇ ਨਿਵਾਸ ਸਥਾਨ 'ਤੇ ਆਪਣੇ ਮੰਤਰੀਆਂ ਨਾਲ ਨਾਸ਼ਤੇ ’ਤੇ ਮੀਟਿੰਗ ਬੁਲਾਈ ਸੀ, ਜਿਥੇ ਉਨ੍ਹਾਂ ਨੇ ਸਾਰੇ ਮੰਤਰੀਆਂ ਨੂੰ ਆਪਣੇ ਫੈਸਲੇ ਬਾਰੇ ਜਾਣਕਾਰੀ ਦਿੱਤੀ।
ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਵੀ ਮੀਟਿੰਗ ਵਿਚ ਸ਼ਾਮਿਲ ਹੋਏ। ਸ਼ਿਵਕੁਮਾਰ ਨੇ ਸਿੱਧਰਮਈਆ ਦੇ ਪੈਰ ਛੂਹੇ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਗਲੇ ਲਗਾਇਆ। ਕਰਨਾਟਕ ਸਰਕਾਰ ਦੇ ਮੰਤਰੀ ਐੱਚ.ਕੇ. ਪਾਟਿਲ ਨੇ ਕਿਹਾ ਕਿ ਮੀਟਿੰਗ ਨੇ ਅਗਲੇ ਮੁੱਖ ਮੰਤਰੀ ਵਜੋਂ ਡੀ.ਕੇ. ਸ਼ਿਵਕੁਮਾਰ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ।
ਸਿੱਧਰਮਈਆ ਨੇ ਰਾਜਪਾਲ ਥਾਵਰਚੰਦ ਗਹਿਲੋਤ ਨਾਲ ਮੁਲਾਕਾਤ ਦੀ ਬੇਨਤੀ ਕੀਤੀ ਸੀ। ਹਾਲਾਂਕਿ, ਰਾਜਪਾਲ ਪਰਿਵਾਰਕ ਕਾਰਨਾਂ ਕਰਕੇ ਬੈਂਗਲੁਰੂ ਤੋਂ ਬਾਹਰ ਹਨ। ਅਜਿਹੀ ਸਥਿਤੀ ਵਿਚ ਸਿੱਧਰਮਈਆ ਆਪਣਾ ਅਸਤੀਫ਼ਾ ਰਾਜਪਾਲ ਦਫ਼ਤਰ ਨੂੰ ਸੌਂਪ ਸਕਦੇ ਹਨ।
ਨਿਯਮਾਂ ਅਨੁਸਾਰ ਭਾਵੇਂ ਰਾਜਪਾਲ ਰਾਜ ਵਿਚ ਮੌਜੂਦ ਨਾ ਹੋਣ, ਮੁੱਖ ਮੰਤਰੀ ਰਾਜ ਭਵਨ ਦੇ ਅਧਿਕਾਰੀਆਂ ਨੂੰ ਈ.ਮੇਲ ਰਾਹੀਂ ਜਾਂ ਵਿਅਕਤੀਗਤ ਤੌਰ 'ਤੇ ਲਿਖਤੀ ਅਸਤੀਫ਼ਾ ਦੇ ਸਕਦੇ ਹਨ। ਫਿਰ ਰਾਜਪਾਲ ਇਸ ਨੂੰ ਸਵੀਕਾਰ ਕਰਦੇ ਹਨ। ਮੌਜੂਦਾ ਮੁੱਖ ਮੰਤਰੀ ਅਸਤੀਫ਼ਾ ਸਵੀਕਾਰ ਹੋਣ ਤੱਕ ਅਹੁਦੇ 'ਤੇ ਬਣੇ ਰਹਿਣਗੇ।
