ਪਟਿਆਲਾ,ਲੋਕਬਾਣੀ--ਪਟਿਆਲਾ ਸ਼ਹਿਰ ਦੀ ਵੱਡੀ ਖ਼ਬਰ ਆਈ ਸਾਹਮਣੇ ਜਿਸ ਨੇ ਪੂਰੇ ਸ਼ਹਿਰ ਵਿੱਚ ਸਨਸਨੀ ਫੈਲਾ ਦਿੱਤੀ ਹੈ। ਡੀਸੀਡਬਲਯੂ ਅਤੇ ਪਟਿਆਲਾ ਲੋਕੋਮੋਟਿਵ ਵਰਕਸ ਖੇਤਰ ਨੇੜੇ ਇੱਕ ਨੀਲੇ ਡਰੰਮ ਵਿੱਚੋਂ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਮੁਤਾਬਕ ਰਾਜਪੁਰਾ-ਸਰਹਿੰਦ ਰੋਡ ‘ਤੇ ਓਵਰਬ੍ਰਿਜ ਹੇਠਾਂ ਪਏ ਡਰੰਮ ਵਿੱਚੋਂ ਬਦਬੂ ਆ ਰਹੀ ਸੀ। ਇੱਕ ਰਾਹਗੀਰ ਨੂੰ ਜਦੋਂ ਡਰੰਮ ਵਿੱਚੋਂ ਮਨੁੱਖੀ ਹੱਥ ਦਿਖਾਈ ਦਿੱਤਾ ਤਾਂ ਉਸਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲੀਸ ਨੇ ਜਦੋਂ ਡਰੰਮ ਖੋਲ੍ਹਿਆ ਤਾਂ ਅੰਦਰੋਂ ਇੱਕ ਲੜਕੀ ਦੀ ਲਾਸ਼ ਮਿਲੀ, ਜਿਸ ਨੂੰ ਬੇਰਹਿਮੀ ਨਾਲ ਪੈਕ ਕੀਤਾ ਗਿਆ ਸੀ।ਮੁੱਢਲੀ ਜਾਂਚ ਵਿੱਚ ਮ੍ਰਿਤਕਾ ਦੀ ਉਮਰ 16 ਤੋਂ 20 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਪੁਲੀਸ ਨੂੰ ਲੜਕੀ ਦੀ ਬਾਂਹ ‘ਤੇ ਇੱਕ ਟੈਟੂ ਵੀ ਮਿਲਿਆ ਹੈ, ਜਿਸ ਦੇ ਆਧਾਰ ‘ਤੇ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ। ਚਿਹਰੇ ‘ਤੇ ਸੱਟਾਂ ਦੇ ਨਿਸ਼ਾਨ ਮਿਲਣ ਕਾਰਨ ਇਹ ਮਾਮਲਾ ਕਤਲ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ। ਪਟਿਆਲਾ ਪੁਲੀਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ।
