ਜ਼ੀਰਕਪੁਰ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਜ਼ੀਰਕਪੁਰ ਵਿੱਚ ਅੱਜ ਸਵੇਰੇ ਸਵੇਰੇ ਈਡੀ ਨੇ ਬਿਲਡਰ ਦੇ ਘਰ ਅਤੇ ਹੋਰ ਕਈ ਟਿਕਾਣਿਆਂ ਤੇ ਇੱਕੋ ਸਮੇਂ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ੀਰਕਪੁਰ ਵਿੱਚ ਰਾਇਲ ਅਸਟੇਟ ਦਫ਼ਤਰ ਵਿੱਚ ਈਡੀ ਦੀ ਟੀਮ ਸਵੇਰੇ 7:30 ਵਜੇ ਦੇ ਕਰੀਬ ਦਫ਼ਤਰ ਪਹੁੰਚੀ ਅਤੇ ਉੱਥੇ ਮੌਜੂਦ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਕਾਰਵਾਈ ਦੌਰਾਨ ਦਫ਼ਤਰ ਦੇ ਬਾਹਰ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਇਹ ਮਾਮਲਾ ਰਾਇਲ ਅਸਟੇਟ ਅਤੇ ਇਸ ਨਾਲ ਜੁੜੇ ਕਾਰੋਬਾਰੀਆਂ ਦੀਆਂ ਵਿੱਤੀ ਗਤੀਵਿਧੀਆਂ ਨਾਲ ਸਬੰਧਤ ਹੈ।
ਸੂਤਰਾਂ ਅਨੁਸਾਰ, ਈਡੀ ਦੀ ਕਾਰਵਾਈ ਰਾਇਲ ਅਸਟੇਟ ਦੇ ਮਾਲਕਾਂ ਪ੍ਰਵੀਨ ਰੌਕੀ ਕਾਂਸਲ ਅਤੇ ਨੀਰਜ ਕਾਂਸਲ ਨਾਲ ਸਬੰਧਤ ਇੱਕ ਮਾਮਲੇ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਾਂਚ ਏਜੰਸੀਆਂ ਵਿੱਤੀ ਰਿਕਾਰਡਾਂ, ਜਾਇਦਾਦ ਦੇ ਦਸਤਾਵੇਜ਼ਾਂ, ਡਿਜੀਟਲ ਡਿਵਾਈਸਾਂ ਅਤੇ ਲੈਣ-ਦੇਣ ਨਾਲ ਸਬੰਧਤ ਮਹੱਤਵਪੂਰਨ ਫਾਈਲਾਂ ਦੀ ਜਾਂਚ ਕਰ ਰਹੀਆਂ ਹਨ। ਇਸ ਤੋਂ ਇਲਾਵਾ, ਅਧਿਕਾਰੀਆਂ ਦੀਆਂ ਕਈ ਟੀਮਾਂ ਇੱਕੋ ਸਮੇਂ ਵੱਖ-ਵੱਖ ਥਾਵਾਂ ‘ਤੇ ਪਹੁੰਚੀਆਂ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਾਂਚ ਏਜੰਸੀਆਂ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
