ਚੰਡੀਗ੍ਹੜ,ਲੋਕਬਾਣੀ-- ਚੰਡੀਗ੍ਹੜ ਸ਼ਹਿਰ ਦੀ ਵੱਡੀ ਖ਼ਬਰ ਟ੍ਰਾਈਸਿਟੀ(ਚੰਡੀਗ੍ਹੜ) ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਉਸ ਸਮੇਂ ਭਾਰੀ ਦਹਿਸ਼ਤ ਅਤੇ ਹੜਕੰਪ ਮਚ ਗਿਆ, ਜਦੋਂ ਚੰਡੀਗੜ੍ਹ ਦੇ ਸਕੂਲਾਂ ਨੂੰ ਇੱਕ ਵਾਰ ਫਿਰ ਤੋਂ ਨਿਸ਼ਾਨਾ ਬਣਾਉਣ ਦੀ ਖ਼ੌਫਨਾਕ ਧਮਕੀ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਸ਼ਰਾਰਤੀ ਅਨਸਰਾਂ ਵੱਲੋਂ ਨਾ ਸਿਰਫ਼ ਸਕੂਲਾਂ, ਬਲਕਿ ਹਰਿਆਣਾ ਦੇ ਮੁੱਖ ਮੰਤਰੀ ਦਫ਼ਤਰ (CMO) ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ।
ਇਸ ਤੋਂ ਇਲਾਵਾ, ਧਮਕੀ ਵਿੱਚ 6 ਜੂਨ 2026 ਤੱਕ ਅੰਬਾਲਾ-ਦਿੱਲੀ ਮੁੱਖ ਰੇਲਵੇ ਟ੍ਰੈਕ ‘ਤੇ ਇੱਕ ਆਈ.ਈ.ਡੀ. (IED) ਵਿਸਫੋਟਕ ਰਾਹੀਂ ਵੱਡਾ ਬਲਾਸਟ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ।
ਇਸ ਬੇਹੱਦ ਸੰਵੇਦਨਸ਼ੀਲ ਅਤੇ ਗੰਭੀਰ ਧਮਕੀ ਦੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਚੰਡੀਗੜ੍ਹ ਪੁਲਿਸ, ਹਰਿਆਣਾ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ।
ਸੂਤਰਾਂ ਮੁਤਾਬਕ ਸਕੂਲਾਂ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ ਅਤੇ ਰੇਲਵੇ ਟ੍ਰੈਕਾਂ ‘ਤੇ ਚੌਕਸੀ ਵਧਾਉਂਦਿਆਂ ਚੈਕਿੰਗ ਅਭਿਆਨ ਤੇਜ਼ ਕਰ ਦਿੱਤਾ ਗਿਆ ਹੈ। ਸਾਈਬਰ ਸੈੱਲ ਦੀਆਂ ਟੀਮਾਂ ਇਸ ਧਮਕੀ ਭਰੇ ਸੰਦੇਸ਼ ਦੇ ਸਰੋਤ (Source) ਨੂੰ ਲੱਭਣ ਲਈ ਲਗਾਤਾਰ ਜਾਂਚ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਅਤੇ ਦਿੱਲੀ-ਐਨ.ਸੀ.ਆਰ. ਦੇ ਕਈ ਨਾਮਵਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਈ-ਮੇਲਸ ਮਿਲ ਚੁੱਕੀਆਂ ਹਨ, ਜੋ ਜਾਂਚ ਤੋਂ ਬਾਅਦ ਅਫ਼ਵਾਹ (Hoax) ਸਾਬਿਤ ਹੋਈਆਂ ਸਨ।
