• Wednesday, 20 May 2026
Advertisement Advertisement
ਸਰਕਾਰ ਨੂੰ ਦਿੱਤੀ ਆਂਗਨਵਾੜੀ ਵਰਕਰਾਂ ਨੇ ਚੇਤਾਵਨੀ

19 May 2026

ਸਰਕਾਰ ਨੂੰ ਦਿੱਤੀ ਆਂਗਨਵਾੜੀ ਵਰਕਰਾਂ ਨੇ ਚੇਤਾਵਨੀ

ਚੰਡੀਗ੍ਹੜ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਭਰ ਵਿੱਚ ਆਂਗਣਵਾੜੀ ਵਰਕਰਾਂ ‘ਤੇ ਵਿਭਾਗੀ ਕੰਮਾਂ ਤੋਂ ਇਲਾਵਾ ਹੋਰ ਗੈਰ-ਵਿਭਾਗੀ ਅਤੇ ਬੇਲੋੜੀਆਂ ਡਿਊਟੀਆਂ ਲਗਾਉਣ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

‘ਸਰਵ ਆਂਗਣਵਾੜੀ ਯੂਨੀਅਨ’ ਦੀ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਖ਼ਿਲਾਫ਼ ਤਿੱਖੇ ਤੇਵਰ ਦਿਖਾਏ ਹਨ ਅਤੇ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਕਿਹਾ, “ਸਾਨੂੰ ਸਿਰਫ਼ ਮਾਣ ਭੱਤਾ ਦਿੱਤਾ ਜਾਂਦਾ ਹੈ। ਸਾਨੂੰ ਨਾ ਤਾਂ ਠੇਕੇ ਵਾਲੇ ਮੁਲਾਜ਼ਮ ਮੰਨਿਆ ਜਾਂਦਾ ਹੈ ਅਤੇ ਨਾ ਹੀ ਪੱਕੇ ਸਰਕਾਰੀ ਮੁਲਾਜ਼ਮ, ਪਰ ਜਦੋਂ ਕੰਮ ਲੈਣ ਦੀ ਗੱਲ ਆਉਂਦੀ ਹੈ ਤਾਂ ਸਾਡੇ ਕੋਲੋਂ ਪੱਕੇ ਸਰਕਾਰੀ ਮੁਲਾਜ਼ਮਾਂ ਦੇ ਬਰਾਬਰ ਅਤੇ ਕਈ ਵਾਰ ਉਨ੍ਹਾਂ ਤੋਂ ਵੀ ਜ਼ਿਆਦਾ ਡਿਊਟੀਆਂ ਲਈਆਂ ਜਾ ਰਹੀਆਂ ਹਨ, ਜਿਸ ਦਾ ਕੋਈ ਹਿਸਾਬ ਨਹੀਂ ਹੈ।”

ਉਨ੍ਹਾਂ ਦੱਸਿਆ ਕਿ ਇਸ ਵੇਲੇ ਆਂਗਣਵਾੜੀ ਵਰਕਰਾਂ ਦੀਆਂ ਬੀ.ਐਲ.ਓ. (BLO), ਡਰੱਗ ਸੈਂਸਸ (ਨਸ਼ਾ ਮੁਕਤੀ ਸਰਵੇ) ਅਤੇ ਜਨਗਣਨਾ ਸਬੰਧੀ ਕਾਰਜਾਂ ਵਿੱਚ ਡਿਊਟੀਆਂ ਲਗਾਈਆਂ ਗਈਆਂ ਹਨ।

ਉਨ੍ਹਾਂ ਸਵਾਲ ਚੁੱਕਦਿਆਂ ਕਿਹਾ ਕਿ ਇੱਕ ਆਂਗਣਵਾੜੀ ਵਰਕਰ ਕੋਈ ਮਸ਼ੀਨ ਨਹੀਂ ਹੈ, ਜਿਸ ਦੇ ਦਸ ਹੱਥ ਹੋਣ। ਪੂਰੇ ਪੰਜਾਬ ਵਿੱਚ ਵਰਕਰਾਂ ਨੂੰ ਇਨ੍ਹਾਂ ਵਾਧੂ ਕੰਮਾਂ ਦੇ ਨਾਂ ‘ਤੇ ਪਰੇਸ਼ਾਨ ਅਤੇ ਹਰਾਸ (Mental Harassment) ਕੀਤਾ ਜਾ ਰਿਹਾ ਹੈ।

ਮੈਡਮ ਛੀਨਾ ਨੇ ਕਿਹਾ ਕਿ ਸਾਨੂੰ ਅਧਿਕਾਰੀਆਂ ਦੇ ਵੱਲੋਂ ਮਾਨਸਿਕ ਤੌਰ ‘ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ, ਕਿ ਜੇਕਰ ਤੁਸੀਂ ਆਪਣੀਆਂ ਡਿਊਟੀਆਂ ਨਾ ਕੀਤੀਆਂ, ਤਾਂ ਤੁਹਾਨੂੰ ਨੋਟਿਸ ਕੱਢੇ ਜਾ ਰਹੇ ਹਨ, ਜਿਸ ਤੋਂ ਆਂਗਣਵਾੜੀ ਵਰਕਰਾਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਈ ਆਂਗਣਵਾੜੀ ਵਰਕਰਾਂ ਅੰਗਹੀਣ ਹਨ, ਪਰ ਫਿਰ ਵੀ ਉਨ੍ਹਾਂ ਦੀਆਂ ਡਿਊਟੀਆਂ ਦੂਰ ਦੁਰਾਡੇ ਲਗਾਈਆਂ ਗਈਆਂ ਹਨ, ਜਿਸ ਦਾ ਉਹ ਪੁਰਜ਼ੋਰ ਵਿਰੋਧ ਕਰਦੇ ਹਨ।

ਬਰਿੰਦਰਜੀਤ ਕੌਰ ਛੀਨਾ ਨੇ ਦੱਸਿਆ ਕਿ ਆਂਗਣਵਾੜੀ ਵਰਕਰ ਆਪਣੇ ਵਿਭਾਗੀ ਕੰਮਾਂ ਦੇ ਨਾਲ-ਨਾਲ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ (ਜਿਵੇਂ ਕਿ ਮਾਣ ਭੱਤਾ ਫਾਰਮ ਭਰਨਾ ਆਦਿ) ਦੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ, “ਸਾਡੀ ਡਿਊਟੀ ਦਾ ਸਮਾਂ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਦਾ ਹੈ।

ਪਰ ਦੋ ਵਜੇ ਤੱਕ ਲੋਕਾਂ ਦੀ ਭੀੜ ਜ਼ਿਆਦਾ ਇਕੱਠੀ ਹੋ ਜਾਂਦੀ ਹੈ, ਜਿਸ ਕਾਰਨ ਸਾਨੂੰ ਸ਼ਾਮ ਦੇ 3, 4 ਜਾਂ 5 ਵਜੇ ਤੱਕ ਬੈਠਣਾ ਪੈਂਦਾ ਹੈ ਤਾਂ ਜੋ ਗਰੀਬ ਲੋਕਾਂ ਦੇ ਫਾਰਮ ਭਰੇ ਜਾ ਸਕਣ ਅਤੇ ਉਨ੍ਹਾਂ ਦਾ ਨੁਕਸਾਨ ਨਾ ਹੋਵੇ। ਪਰ ਇਸ ਦੇ ਬਾਵਜੂਦ ਸਾਡੇ ‘ਤੇ ਹੋਰ ਸੈਂਸਸ ਅਤੇ ਹੋਰਨਾਂ ਡਿਊਟੀਆਂ ਦਾ ਬੋਝ ਵੀ ਲੱਦ ਦਿੱਤਾ ਗਿਆ ਹੈ।”

ਯੂਨੀਅਨ ਪ੍ਰਧਾਨ ਨੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਆਂਗਣਵਾੜੀ ਵਰਕਰਾਂ ‘ਤੇ ਬੇਲੋੜਾ ਭਾਰ ਪਾ ਕੇ ਉਨ੍ਹਾਂ ਨੂੰ ਮਜਬੂਰ ਨਾ ਕਰੇ।

ਜੇਕਰ ਸਰਕਾਰ ਨੇ ਤੁਰੰਤ ਇਨ੍ਹਾਂ ਵਾਧੂ ਡਿਊਟੀਆਂ ਨੂੰ ਬੰਦ ਨਾ ਕੀਤਾ, ਤਾਂ ਪੰਜਾਬ ਭਰ ਦੀਆਂ ਆਂਗਣਵਾੜੀ ਵਰਕਰਾਂ ਵਿਭਾਗੀ ਕੰਮਾਂ ਤੋਂ ਬਿਨਾਂ ਬਾਕੀ ਸਾਰੇ ਗੈਰ-ਵਿਭਾਗੀ ਅਤੇ ਸਰਕਾਰੀ ਕੰਮਾਂ ਦਾ ਮੁਕੰਮਲ ਬਾਈਕਾਟ ਕਰਨਗੀਆਂ।

ਉਨ੍ਹਾਂ ਸਾਫ਼ ਕਿਹਾ ਕਿ ਆਂਗਣਵਾੜੀ ਵਰਕਰ ਸਿਰਫ਼ ਆਪਣਾ ਵਿਭਾਗੀ ਕੰਮ ਅਤੇ ਮਾਵਾਂ-ਬੱਚਿਆਂ ਦੀ ਭਲਾਈ ਦਾ ਕਾਰਜ ਹੀ ਕਰਨਗੀਆਂ, ਕਿਸੇ ਹੋਰ ਬੇਲੋੜੀ ਡਿਊਟੀ ਦਾ ਭਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Published on: 19 May 2026

Amandeep Mehra
📣 Share this post

Latest News