• Monday, 15 June 2026
Advertisement Advertisement
ਕਿਸਾਨਾਂ ਨੇ ਕਰਤਾ ਇਹ ਵੱਡਾ ਐਲਾਨ ਪੜ੍ਹੋ ਪੂਰੀ ਖਬਰ

15 Jun 2026

ਕਿਸਾਨਾਂ ਨੇ ਕਰਤਾ ਇਹ ਵੱਡਾ ਐਲਾਨ ਪੜ੍ਹੋ ਪੂਰੀ ਖਬਰ

ਚੰਡੀਗੜ੍ਹ,ਲੋਕਬਾਣੀ--ਇਸ ਸ਼ਹਿਰ ਦੀ ਵੱਡੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਦੀ ਇੱਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ ਦੀ ਅਗਵਾਈ ਹੇਠ ਮਾਈਸਰਖਾਨਾ ਦੇ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨਾਂ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ।

ਮੀਟਿੰਗ ਦੌਰਾਨ 4 ਜੁਲਾਈ ਨੂੰ ਚੰਡੀਗੜ੍ਹ ਵਿਖੇ ਲਾਏ ਜਾ ਰਹੇ ਸੂਬਾ ਪੱਧਰੀ ਰੋਸ ਧਰਨੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਪਿੰਡ-ਪਿੰਡ ਲਾਮਬੰਦੀ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਅਤੇ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਦੋ ਪ੍ਰਮੁੱਖ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਵੱਲੋਂ 4 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 34 ਵਿਖੇ ਕੇਂਦਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਭਗਵੰਤ ਮਾਨ ਹਕੂਮਤ ਖ਼ਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਦੇਸ਼ ‘ਤੇ ਥੋਪੇ ਜਾ ਰਹੇ ਵਪਾਰ ਸਮਝੌਤਿਆਂ, ਇਰਾਨ ‘ਤੇ ਅਮਰੀਕੀ ਸਾਮਰਾਜੀ ਹਮਲੇ ਅਤੇ ਇਸ ਦੀ ਆੜ ਵਿੱਚ ਲੋਕਾਂ ‘ਤੇ ਪਾਏ ਜਾ ਰਹੇ ਮਹਿੰਗਾਈ ਦੇ ਬੋਝ ਖ਼ਿਲਾਫ਼ ਇਹ ਆਵਾਜ਼ ਬੁਲੰਦ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮੁਲਕ ਅੰਦਰ ਖਾਦਾਂ, ਜ਼ਰੂਰੀ ਵਸਤਾਂ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਕਰਕੇ ਆਮ ਲੋਕਾਂ ਦਾ ਲਕੜ ਤੋੜਿਆ ਜਾ ਰਿਹਾ ਹੈ।

ਖਾਦਾਂ ਦੇ ਮਾਮਲੇ ਵਿੱਚ ਵਿਦੇਸ਼ਾਂ ‘ਤੇ ਨਿਰਭਰਤਾ ਕਾਰਨ ਸੂਬੇ ਵਿੱਚ ਖਾਦ ਦੀ ਭਾਰੀ ਤੋਟ ਪੈਦਾ ਹੋ ਰਹੀ ਹੈ, ਜਿਸ ਨਾਲ ਫ਼ਸਲਾਂ ਦੇ ਉਤਪਾਦਨ ‘ਤੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਵਾਰਤਾ ਤੁਰੰਤ ਰੱਦ ਕੀਤੀ ਜਾਵੇ ਅਤੇ ਜੰਗ ਦੀ ਆੜ ਵਿੱਚ ਮਹਿੰਗਾਈ ਵਧਾਉਣ ਦੇ ਕਦਮ ਰੋਕੇ ਜਾਣ। ਉਨ੍ਹਾਂ ਕਿਹਾ ਕਿ ਇਸ ਮਹਿੰਗਾਈ ਦਾ ਭਾਰ ਆਮ ਲੋਕਾਂ ਦੀ ਬਜਾਏ ਵੱਡੇ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ‘ਤੇ ਟੈਕਸ ਲਾ ਕੇ ਪੂਰਾ ਕੀਤਾ ਜਾਵੇ।

ਮੀਟਿੰਗ ਦੌਰਾਨ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਕੋਆਪਰੇਟਿਵ ਅਦਾਰਿਆਂ ਵਿੱਚ ਹੱਦ ਕਰਜ਼ੇ ਵਧਾਉਣ ਦਾ ਜੋ ਫੈਸਲਾ ਪੰਜਾਬ ਸਰਕਾਰ ਵੱਲੋਂ ਵਾਪਸ ਲਿਆ ਗਿਆ ਹੈ, ਉਸ ਨੂੰ ਤੁਰੰਤ ਮੁੜ ਲਾਗੂ ਕਰਕੇ ਵਧੇ ਹੋਏ ਕਰਜ਼ਿਆਂ ਦਾ ਐਲਾਨ ਤੇ ਭੁਗਤਾਨ ਕੀਤਾ ਜਾਵੇ। ਇਸ ਦੇ ਨਾਲ ਹੀ ਬੈਂਕਾਂ ਵਿੱਚ ਕਿਸਾਨਾਂ ਦੀ ਹੁੰਦੀ ਖ਼ਜਲ-ਖੁਆਰੀ ਬੰਦ ਕੀਤੀ ਜਾਵੇ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵਿੱਚੋਂ ਰਾਜਾਂ ਦੀ ਸਥਾਈ ਮੈਂਬਰੀ ਖ਼ਤਮ ਕਰਨ ਦਾ ਨੋਟੀਫਿਕੇਸ਼ਨ ਤੁਰੰਤ ਰੱਦ ਕੀਤਾ ਜਾਵੇ।

ਆਗੂਆਂ ਨੇ ਚੇਤਾਵਨੀ ਦਿੱਤੀ ਕਿ ਸਰਕਾਰ ਕਿਸਾਨਾਂ ਦੇ ਚੰਡੀਗੜ੍ਹ ਜਾਣ ਦੇ ਜਮਹੂਰੀ ਹੱਕ ‘ਤੇ ਰੋਕਾਂ ਲਾਉਣੀਆਂ ਬੰਦ ਕਰੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਪਿੰਡ-ਪਿੰਡ, ਗਲੀ-ਮੁਹੱਲਿਆਂ ਤੱਕ ਲੈ ਕੇ ਜਾਇਆ ਜਾਵੇਗਾ। 4 ਜੁਲਾਈ ਦੇ ਐਕਸ਼ਨ ਦੀ ਤਿਆਰੀ ਲਈ ਬਲਾਕ ਦੇ ਸਾਰੇ ਪਿੰਡਾਂ ਵਿੱਚ ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਜਾਣਗੀਆਂ। ਇਸੇ ਕੜੀ ਤਹਿਤ 17 ਜੂਨ ਨੂੰ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਵੀ ਇਸ ਸੰਘਰਸ਼ ਦਾ ਹਿੱਸਾ ਬਣਾਇਆ ਜਾਵੇਗਾ।

ਇਸ ਮੀਟਿੰਗ ਵਿੱਚ ਜਸਵੀਰ ਸਿੰਘ ਬੁਰਜ ਸੇਮਾ, ਗੁਰਮੇਲ ਸਿੰਘ ਰਾਮਗੜ ਭੂੰਦੜ, ਅੰਮ੍ਰਿਤਪਾਲ ਸਿੰਘ ਮੌੜ ਚੜਤ, ਕਲਕੱਤਾ ਸਿੰਘ ਮਾਣਕ ਖਾਨਾ, ਭੋਲਾ ਸਿੰਘ ਰਾਏ ਖਾਨਾ, ਗੁਰਦੀਪ ਸਿੰਘ ਮਾਈਸਰਖਾਨਾ, ਭੋਲਾ ਸਿੰਘ ਮਾੜੀ ਅਤੇ ਸਿਕੰਦਰ ਸਿੰਘ ਘੁੰਮਣ ਕਲਾਂ ਸਮੇਤ ਪਿੰਡਾਂ ਦੇ ਕਈ ਸਿਰਕੱਢ ਕਿਸਾਨ ਆਗੂ ਅਤੇ ਵਰਕਰ ਮੌਜੂਦ ਸਨ।

 

Published on: 15 Jun 2026

Amandeep Mehra
📣 Share this post

Latest News