ਦਿੜ੍ਹਬਾ,ਲੋਕਬਾਣੀ--(ETT Teachers Protest)ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜ੍ਹਬਾ ਵਿੱਚ ਅੱਜ ਉਸ ਵੇਲੇ ਸਿਆਸੀ ਮਾਹੌਲ ਗਰਮਾ ਗਿਆ, ਜਦੋਂ ਵੱਡੀ ਗਿਣਤੀ ਵਿੱਚ ਪੁੱਜੇ ਈ.ਟੀ.ਟੀ. ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਤਿੱਖਾ ਮੋਰਚਾ ਖੋਲ੍ਹ ਦਿੱਤਾ। ‘ਟੈਟ ਪਾਸ ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ ਜੈ ਸਿੰਘ ਵਾਲਾ’ ਵੱਲੋਂ ਪਿਛਲੇ ਦਿਨੀਂ ਹਲਕੇ ਦੇ 10 ਪਿੰਡਾਂ ਵਿੱਚ ਕੀਤੇ ਪ੍ਰਚਾਰ ਅਤੇ ਦਿੜ੍ਹਬਾ ਸ਼ਹਿਰ ਵਿਖੇ ਰਾਤ ਨੂੰ ‘ਜਾਗੋ’ ਕੱਢਣ ਤੋਂ ਬਾਅਦ, 180 ਈ.ਟੀ.ਟੀ. ਅਧਿਆਪਕਾਂ ਨੇ ਆਪਣੇ ਪਰਿਵਾਰਾਂ ਸਮੇਤ ਵਿੱਤ ਮੰਤਰੀ ਹਰਪਾਲ ਚੀਮਾ ਖ਼ਿਲਾਫ਼ ਡੋਰ-ਟੂ-ਡੋਰ (ਘਰ-ਘਰ) ਭੰਡੀ ਪ੍ਰਚਾਰ ਰੈਲੀ ਕੀਤੀ।
ਇਸ ਮੁਹਿੰਮ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦਾ ਭਰਵਾਂ ਸਹਿਯੋਗ ਮਿਲਿਆ। ਅਧਿਆਪਕਾਂ ਅਤੇ ਕਿਸਾਨਾਂ ਨੇ ਹਲਕਾ ਦਿੜ੍ਹਬਾ ਦੇ ਪਿੰਡ ਖੇਤਲਾ ਅਤੇ ਕਾਕੂਵਾਲਾ ਵਿਖੇ ਪੈਦਲ ਮਾਰਚ ਕਰਕੇ ਹਰ ਗਲੀ-ਮੁਹੱਲੇ ਅਤੇ ਘਰ-ਘਰ ਜਾ ਕੇ ਪੈਂਫਲੇਟ ਵੰਡੇ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰਪਾਲ ਚੀਮਾ ਵੱਲੋਂ 2022 ਦੀਆਂ ਚੋਣਾਂ ਤੋਂ ਪਹਿਲਾਂ ਜਨਤਾ ਨਾਲ ਕੀਤੇ ਗਏ ਵਾਅਦੇ ਸਿਰਫ਼ ਲਾਰੇ ਸਾਬਤ ਹੋਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ, ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਅਤੇ ਕਿਸਾਨਾਂ ਨੂੰ 5 ਮਿੰਟ ਵਿੱਚ MSP ਦੇਣ ਵਰਗੇ ਕੀਤੇ ਗਏ ਦਾਅਵਿਆਂ ਦੀ ਹਕੀਕਤ ਲੋਕਾਂ ਦੇ ਸਾਹਮਣੇ ਰੱਖੀ ਗਈ ਹੈ। ਇਸ ਦੌਰਾਨ ਪਿੰਡਾਂ ਦੇ ਚੌਂਕਾਂ ਵਿੱਚ ਇਕੱਠੇ ਹੋਏ ਸਥਾਨਕ ਨਿਵਾਸੀਆਂ ਨੇ ਅਧਿਆਪਕਾਂ ਦੇ ਵਿਚਾਰ ਸੁਣੇ ਅਤੇ ਭਰੋਸਾ ਦਿੱਤਾ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਅਜਿਹੇ ਆਗੂਆਂ ਨੂੰ ਸਬਕ ਸਿਖਾਉਣਗੇ।
ਰੈਲੀ ਦੌਰਾਨ ਅਧਿਆਪਕਾਂ ਵੱਲੋਂ ਵਿੱਤ ਮੰਤਰੀ ਦੇ ਕਥਿਤ ਝੂਠੇ ਵਾਅਦਿਆਂ ਸੰਬੰਧੀ ਪਿੰਡ ਖੇਤਲਾ ਅਤੇ ਕਾਕੂਵਾਲਾ ਦੀਆਂ ਕੰਧਾਂ ‘ਤੇ ਪੋਸਟਰ ਵੀ ਚਿਪਕਾਏ ਗਏ। ਸੂਬਾ ਜਨਰਲ ਸਕੱਤਰ ਸੋਹਨ ਸਿੰਘ ਨੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਲੰਬੇ ਸਮੇਂ ਤੋਂ 180 ਈ.ਟੀ.ਟੀ. ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਲਾਰੇਬਾਜ਼ੀ ਕਰ ਰਹੇ ਹਨ।
ਉਨ੍ਹਾਂ ਖੁਲਾਸਾ ਕੀਤਾ ਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਦੇ ਹੱਕ ਵਿੱਚ ਸਕਾਰਾਤਮਕ ਰਿਪੋਰਟ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜੀ ਜਾ ਚੁੱਕੀ ਹੈ, ਪਰ ਇਸ ਦੇ ਬਾਵਜੂਦ ਫਾਈਲ ਨੂੰ ਲਟਕਾਇਆ ਜਾ ਰਿਹਾ ਹੈ। ਸੂਬਾ ਖ਼ਜ਼ਾਨਚੀ ਗੁਰਮੁਖ ਸਿੰਘ ਪਟਿਆਲਾ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ, ਉਦੋਂ ਤੱਕ ਵਿੱਤ ਮੰਤਰੀ ਦੇ ਹਲਕੇ ਵਿੱਚ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਇਸ ਰੈਲੀ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਤੋਂ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ, ਬਲਾਕ ਆਗੂ ਗੁਰਵਿੰਦਰ ਸਿੰਘ ਖੰਗੂੜਾ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦੇਵੀ ਦਿਆਲ ਅਤੇ ਜਨਰਲ ਸਕੱਤਰ ਫਕੀਰ ਸਿੰਘ ਵੱਡੀ ਗਿਣਤੀ ਸਾਥੀਆਂ ਸਮੇਤ ਸ਼ਾਮਲ ਹੋਏ। ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆਂ, ਬਲਾਕ ਦਿੜ੍ਹਬਾ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾਂ, ਬਲਾਕ ਆਗੂ ਮਿਸ਼ਰਾ ਸਿੰਘ ਅਤੇ ਹਰਬੰਸ ਸਿੰਘ ਦਿੜ੍ਹਬਾ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਖੇਤਲਾ ਇਕਾਈ ਦੇ ਪ੍ਰਧਾਨ ਹਰਪਾਲ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੱਧੂ ਪਟਿਆਲਾ, ਗੁਰਮੁਖ ਸਿਰਸਾ, ਹਰਪ੍ਰੀਤ ਸਿੰਘ ਭੁੱਲਰਹੇੜੀ, ਰਾਕੇਸ਼ ਗੁਰਦਾਸਪੁਰ, ਮੋਹਿਤ ਬਠਿੰਡਾ ਸਮੇਤ ਸੈਂਕੜੇ ਅਧਿਆਪਕ ਪਰਿਵਾਰਾਂ ਸਮੇਤ ਡਟੇ ਨਜ਼ਰ ਆਏ।
