ਚੰਡੀਗ੍ਹੜ,ਲੋਕਬਾਣੀ--ਚੰਡੀਗ੍ਹੜ ਦੀ ਵੱਡੀ ਖ਼ਬਰ ਪੰਜਾਬ ਵਿੱਚ ਈਡੀ ਲਗਾਤਾਰ ਕਾਰੋਬਾਰੀਆਂ ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਈ ਡੀ ਵੱਲੋਂ ਮੁਹਾਲੀ ਦੇ ਇੱਕ ਬਿਲਡਰ ਨੂੰ ਲੰਘੀ ਰਾਤ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਈ ਡੀ ਨੇ ਬੀਤੇ ਕੱਲ੍ਹ ਗਮਾਡਾ ਦੇ ਪੰਜ ਮੈਂਬਰੀ ਸਟਾਫ਼ ਨੂੰ ਤਲਬ ਕੀਤਾ ਸੀ ਅਤੇ ਇੰਡੀਅਨ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ (ਸਨਟੈਕ ਸਿਟੀ ਦੇ ਪ੍ਰਮੋਟਰ) ਦੇ ਅਹੁਦੇਦਾਰ ਅਜੇ ਸਹਿਗਲ ਨੂੰ ਵੀ ਤਲਬ ਕੀਤਾ ਸੀ ।
ਇਸ ਦੌਰਾਨ ਈ ਡੀ ਨੇ ਰਾਤ ਗਮਾਡਾ ਟੀਮ ਨੂੰ ਤਾਂ ਵਾਪਿਸ ਭੇਜ ਦਿੱਤਾ ਸੀ ਪਰ ਬਿਲਡਰ ਨੂੰ ਗ੍ਰਿਫ਼ਤਾਰ ਕਰ ਲਿਆ। ਪਤਾ ਲੱਗਿਆ ਹੈ ਕਿ ਇਸ ਬਿਲਡਰ ਨੂੰ ਅੱਜ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਚੇਤੇ ਰਹੇ ਕਿ ਈ ਡੀ ਨੇ 8 ਮਈ ਨੂੰ ਮੁਹਾਲੀ ਦੇ ਤਿੰਨ ਵੱਡੇ ਬਿਲਡਰਾਂ ਦੇ ਟਿਕਾਣਿਆਂ ਸਮੇਤ ਦਰਜਨਾਂ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਮਨੀ ਲਾਂਡਰਿੰਗ ਦੇ ਮਾਮਲੇ ’ਚ ਮੁਹਾਲੀ ਦੇ ਅਹਿਮ ਪ੍ਰੋਜੈਕਟਾਂ ਸਨਟੈਕ ਸਿਟੀ ਤੇ ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਨੂੰ ਜਾਰੀ ਕੀਤੇ ਸੀ ਐੱਲ ਯੂ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਈ ਡੀ ਨੇ ਵਿੱਢੀ ਹੋਈ ਹੈ।
ਇਸ ਵਿੱਚ ਮੁੱਖ ਤੌਰ ’ਤੇ ਰੀਅਲ ਅਸਟੇਟ ਪ੍ਰੋਜੈਕਟਾਂ ਨੂੰ ਦਿੱਤੀਆਂ ਪ੍ਰਵਾਨਗੀਆਂ ’ਤੇ ਵੀ ਉਂਗਲ ਉੱਠ ਰਹੀ ਹੈ। ਇੰਡੀਅਨ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ (ਸਨਟੈਕ ਸਿਟੀ ਦੇ ਪ੍ਰਮੋਟਰ) ਦੇ ਅਹੁਦੇਦਾਰ ਅਜੇ ਸਹਿਗਲ ਤੇ ਸੁਰੇਸ਼ ਕੁਮਾਰ ਬਜਾਜ, ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਧੀਰ ਕੰਸਟਰੱਕਸ਼ਨ ਜਿਸ ਦੇ ਪ੍ਰਮੋਟਰ ਗੌਰਵ ਧੀਰ ਹਨ ਸਮੇਤ ਕਥਿਤ ਵਿਚੋਲੇ ਨਿਤਿਨ ਗੋਹਿਲ ਲਈ ਹੁਣ ਰਾਹ ਹੁਣ ਸੌਖੇ ਨਹੀਂ ।
ਈ ਡੀ ਵੱਲੋਂ ਲਾਇਸੈਂਸਾਂ ਅਤੇ ਪ੍ਰਵਾਨਗੀਆਂ ਨਾਲ ਸਬੰਧਿਤ ਸਾਰੇ ਦਸਤਾਵੇਜ਼ਾਂ ਦੀ ਘੋਖ ਕੀਤੀ ਜਾ ਰਹੀ ਹੈ। ਇਨ੍ਹਾਂ ਪ੍ਰੋਜੈਕਟਾਂ ’ਤੇ ਪਹਿਲਾਂ ਹੀ ਮੁਹਾਲੀ ਜ਼ਿਲ੍ਹੇ ’ਚ ਪੁਲੀਸ ਕੇਸ ਦਰਜ ਹਨ।
