ਜਲੰਧਰ,ਵਿਸ਼ਾਲ ਸ਼ੈਲ਼ੀ--ਇਸ ਵੇਲੇ ਦੀ ਵੱਡੀ ਖ਼ਬਰ ਜਲੰਧਰ ‘ਚ ਕੁਝ ਮਹੀਨੇ ਪਹਿਲਾਂ ਬਣੀ ਸੜਕ ਟੁੱਟਣ ਦਾ ਮਾਮਲਾ ਪਹੁੰਚਿਆ ਵਿਜੀਲੈਂਸ ਕੋਲ, ਲੋਕਾਂ ਨੇ ਠੇਕੇਦਾਰ ਤੇ ਅਧਿਕਾਰੀਆਂ ਖ਼ਿਲਾਫ਼ ਕੀਤੀ ਸ਼ਿਕਾਇਤ
ਜਲੰਧਰ ਦੇ ਵਾਰਡ ਨੰਬਰ 85 ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਕੁਝ ਮਹੀਨੇ ਪਹਿਲਾਂ ਬਣੀ ਕਨਕਰੀਟ ਸੜਕ ਟੁੱਟਣ ਦਾ ਮਾਮਲਾ ਹੁਣ ਵਿਜੀਲੈਂਸ ਬਿਊਰੋ ਤੱਕ ਪਹੁੰਚ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਾਬਕਾ ਸੀਪੀਐਸ ਕੇ.ਡੀ. ਭੰਡਾਰੀ ਨੇ ਇਲਾਕਾ ਵਾਸੀਆਂ ਨਾਲ ਮਿਲ ਕੇ ਇਸ ਸਬੰਧੀ ਵਿਜੀਲੈਂਸ ਨੂੰ ਸ਼ਿਕਾਇਤ ਸੌਂਪੀ ਹੈ।
ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਬਣੀਆਂ ਵੀਨਸ ਵੈਲੀ, ਬਾਬਾ ਮੋਹਨ ਦਾਸ ਐਕਸਟੈਂਸ਼ਨ ਅਤੇ ਸਲੇਮਪੁਰ ਮੁਸਲਮਾਨਾ ਰੋਡ ਵਰਗੀਆਂ ਸੜਕਾਂ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ। ਲੋਕਾਂ ਦਾ ਦੋਸ਼ ਹੈ ਕਿ ਸੜਕਾਂ ਬਣਨ ਤੋਂ ਕੁਝ ਹੀ ਮਹੀਨਿਆਂ ਬਾਅਦ ਟੁੱਟਣ ਲੱਗ ਪਈਆਂ, ਜਿਸ ਕਾਰਨ ਆਵਾਜਾਈ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਹਨ।
ਇਲਾਕਾ ਵਾਸੀਆਂ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਜ਼ਿੰਮੇਵਾਰ ਠੇਕੇਦਾਰਾਂ ਅਤੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਜਲੰਧਰ ਦੇ ਵਾਰਡ ਨੰਬਰ 85 ਵਿੱਚ ਕੁਝ ਮਹੀਨੇ ਪਹਿਲਾਂ ਹੀ ਬਣੀ ਕਾਂਕਰੀਟ ਸੜਕ ਦੇ ਟੁੱਟਣ ਮਾਮਲੇ ਨੂੰ ਲੈ ਕੇ ਵਿਜੀਲੈਂਸ ਬਿਊਰੋ ਵਿੱਚ ਦਿੱਤੀ ਗਈ ਸ਼ਿਕਾਇਤ ਵਿੱਚ ਇਲਾਕਾ ਨਿਵਾਸੀਆਂ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਲੋਕਾਂ ਨੇ ਕਿਹਾ ਕਿ ਮਾਮਲੇ ਦੀ ਸਹੀ ਜਾਂਚ ਲਈ ਤਿੰਨ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਬਣਾਈ ਜਾਵੇ। ਇਸ ਦੇ ਨਾਲ ਹੀ ਉਸਾਰੀ ਏਜੰਸੀ ਅਤੇ ਨਗਰ ਨਿਗਮ ਦੇ ਉਹ ਅਧਿਕਾਰੀ, ਜੋ ਪ੍ਰੋਜੈਕਟ ਦੀ ਨਿਗਰਾਨੀ ਕਰ ਰਹੇ ਸਨ, ਉਨ੍ਹਾਂ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਂਦਾ ਜਾਵੇ।
ਪੂਰਵ ਸੀਪੀਐਸ ਕੇਡੀ ਭੰਡਾਰੀ ਨੇ ਦੱਸਿਆ ਕਿ ਸ਼ਿਕਾਇਤ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਸੱਤਾਪੱਖ ਦੀ ਸਥਾਨਕ ਲੀਡਰਸ਼ਿਪ ਨੂੰ ਵੀ ਜਾਂਚ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾਵੇ, ਤਾਂ ਜੋ ਪੂਰੇ ਮਾਮਲੇ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਹੋ ਸਕੇ।
ਇਸ ਮੌਕੇ ਇਲਾਕੇ ਦੇ ਪ੍ਰਮੁੱਖ ਨਿਵਾਸੀ ਅਨਿਲ ਬਜਾਜ ਅਤੇ ਆਰਕੇ ਸਿੰਘ ਵੀ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਮਿਹਨਤ ਦੀ ਕਮਾਈ ਨਾਲ ਬਣੇ ਮਹਿੰਗੇ ਸੜਕ ਪ੍ਰੋਜੈਕਟਾਂ ਵਿੱਚ ਲਾਪਰਵਾਹੀ ਜਾਂ ਗੜਬੜ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Punjab
