• Friday, 5 June 2026
Advertisement Advertisement
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਯੋਗ ਅਗਵਾਈ ਹੇਠ ਖੰਨਾ ਪੁਲਿਸ ਨੇ 24 ਘੰਟਿਆਂ ਵਿੱਚ ਸੁਰੱਖਿਅਤ ਬਰਾਮਦ ਕੀਤੀਆਂ ਚਾਰ ਗੁੰਮਸ਼ੁਦਾ ਲੜਕੀਆਂ

05 Jun 2026

ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਯੋਗ ਅਗਵਾਈ ਹੇਠ ਖੰਨਾ ਪੁਲਿਸ ਨੇ 24 ਘੰਟਿਆਂ ਵਿੱਚ ਸੁਰੱਖਿਅਤ ਬਰਾਮਦ ਕੀਤੀਆਂ ਚਾਰ ਗੁੰਮਸ਼ੁਦਾ ਲੜਕੀਆਂ

ਖੰਨਾ, ਲੁਧਿਆਣਾ(ਸੁਖਚੈਨ ਮਹਿਰਾ, ਵਰਿੰਦਰ ਪ੍ਰਕਾਸ਼ ਭਾਂਬਰੀ)--ਇਸ ਸ਼ਹਿਰ ਦੀ ਵੱਡੀ ਖ਼ਬਰ ਪੁਲਿਸ ਜਿਲ੍ਹਾ ਖੰਨਾ ਦੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਡਾ. ਦਰਪਣ ਆਹਲੂਵਾਲੀਆ (ਆਈ.ਪੀ.ਐਸ) ਦੀ ਯੋਗ ਅਗਵਾਈ ਅਤੇ ਖੰਨਾ ਪੁਲਿਸ ਦੀ ਮੁਸਤੈਦੀ ਸਦਕਾ ਚਾਰ ਗੁੰਮਸ਼ੁਦਾ ਲੜਕੀਆਂ ਨੂੰ 24 ਘੰਟਿਆਂ ਦੇ ਅੰਦਰ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਮਲੌਦ ਪੁਲਿਸ ਦੀ ਤੁਰੰਤ ਕਾਰਵਾਈ, ਤਕਨੀਕੀ ਜਾਂਚ ਅਤੇ ਸੁਚੱਜੀ ਰਣਨੀਤੀ ਕਾਰਨ ਇਸ ਸੰਵੇਦਨਸ਼ੀਲ ਮਾਮਲੇ ਨੂੰ ਸਫਲਤਾਪੂਰਵਕ ਹੱਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਤੀ 2 ਜੂਨ 2026 ਨੂੰ ਪਿੰਡ ਸਿਆੜ ਦੀਆਂ ਚਾਰ ਲੜਕੀਆਂ, ਜਿਨ੍ਹਾਂ ਵਿੱਚ ਤਿੰਨ ਨਾਬਾਲਗ ਭੈਣਾਂ ਵੀ ਸ਼ਾਮਲ ਸਨ, ਦੁਪਹਿਰ ਕਰੀਬ 12:30 ਵਜੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਿਨਾਂ ਦੱਸੇ ਘਰੋਂ ਚਲੀਆਂ ਗਈਆਂ ਸਨ। ਰਾਤ ਕਰੀਬ 8:30 ਵਜੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਦੀਆਂ ਧੀਆਂ ਲਾਪਤਾ ਹਨ। ਮਾਪਿਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਲੜਕੀਆਂ ਸਤਨਾਮ ਨਾਮਕ ਵਿਅਕਤੀ ਨਾਲ ਗਈਆਂ ਹੋ ਸਕਦੀਆਂ ਹਨ, ਜੋ ਪਰਿਵਾਰਾਂ ਨੂੰ ਜਾਣੂ ਸੀ ਅਤੇ ਅਕਸਰ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ। ਡੀ.ਐਸ.ਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਖੰਨਾ ਪੁਲਿਸ ਹਰਕਤ ਵਿੱਚ ਆ ਗਈ। ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਮਿਤੀ 3 ਜੂਨ ਨੂੰ ਪੁਲਿਸ ਪਾਰਟੀ ਵੱਲੋਂ ਪਿੰਡ ਸਿਆੜ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਇਹ ਪੁਸ਼ਟੀ ਹੋਈ ਕਿ ਲੜਕੀਆਂ ਇੱਕ ਥ੍ਰੀ-ਵ੍ਹੀਲਰ ਰਾਹੀਂ ਪਿੰਡ ਤੋਂ ਬਾਹਰ ਗਈਆਂ ਸਨ। ਤਕਨੀਕੀ ਜਾਂਚ ਦੌਰਾਨ ਸਤਨਾਮ ਦੀ ਲੋਕੇਸ਼ਨ ਫਿਰੋਜ਼ਪੁਰ ਵਿਖੇ ਟਰੇਸ ਹੋਈ। ਪੁਲਿਸ ਵੱਲੋਂ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਉਸ ਨੇ ਇੱਕ ਮੋਬਾਈਲ ਨੰਬਰ ਬਾਰੇ ਜਾਣਕਾਰੀ ਦਿੱਤੀ ਜੋ ਗੁੰਮਸ਼ੁਦਾ ਲੜਕੀਆਂ ਵਿੱਚੋਂ ਇੱਕ ਵਰਤਦੀ ਸੀ। ਹਾਲਾਂਕਿ ਉਹ ਨੰਬਰ ਉਸ ਸਮੇਂ ਬੰਦ ਸੀ, ਪਰ ਪੁਲਿਸ ਨੇ ਜਾਂਚ ਜਾਰੀ ਰੱਖੀ। ਇਸ ਦੌਰਾਨ ਇੱਕ ਗੁੰਮਸ਼ੁਦਾ ਲੜਕੀ ਨੇ ਕਿਸੇ ਅਣਪਛਾਤੇ ਵਿਅਕਤੀ ਦੇ ਮੋਬਾਈਲ ਫੋਨ ਤੋਂ ਸਤਨਾਮ ਨਾਲ ਸੰਪਰਕ ਕੀਤਾ ਅਤੇ ਨਵੀਂ ਸਿਮ ਲੈਣ ਲਈ ਓਟੀਪੀ ਪ੍ਰਾਪਤ ਕੀਤਾ। ਖੰਨਾ ਪੁਲਿਸ ਦੀ ਤਕਨੀਕੀ ਟੀਮ ਨੇ ਇਸ ਮੋਬਾਈਲ ਨੰਬਰ ਦੀ ਲੋਕੇਸ਼ਨ ਟਰੇਸ ਕਰਕੇ ਅੰਬਾਲਾ ਦਾ ਪਤਾ ਲਗਾਇਆ। ਇਸ ਸੂਚਨਾ ਦੇ ਆਧਾਰ 'ਤੇ ਐਸ.ਐਚ.ਓ ਮਲੌਦ ਆਪਣੀ ਟੀਮ ਸਮੇਤ ਤੁਰੰਤ ਅੰਬਾਲਾ ਪਹੁੰਚੇ ਅਤੇ ਚਾਰਾਂ ਲੜਕੀਆਂ ਨੂੰ ਸੁਰੱਖਿਅਤ ਬਰਾਮਦ ਕਰ ਲਿਆ। ਡੀ.ਐਸ.ਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਸਫਲਤਾ ਖੰਨਾ ਪੁਲਿਸ ਦੀ ਪੇਸ਼ੇਵਰ ਕਾਰਜਸ਼ੈਲੀ, ਆਧੁਨਿਕ ਤਕਨੀਕ ਦੇ ਪ੍ਰਭਾਵਸ਼ਾਲੀ ਇਸਤੇਮਾਲ ਅਤੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਦੂਰਅੰਦੇਸ਼ੀ ਅਗਵਾਈ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਅਤੇ ਬੱਚਿਆਂ ਦੀ ਭਲਾਈ ਖੰਨਾ ਪੁਲਿਸ ਦੀ ਸਭ ਤੋਂ ਵੱਡੀ ਤਰਜੀਹ ਹੈ। ਦੂਜੇ ਪਾਸੇ, ਪਿੰਡ ਸਿਆੜ ਦੀ ਸਰਪੰਚ ਲਵਪ੍ਰੀਤ ਕੌਰ ਸਮੇਤ ਸਮੁੱਚੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਖੰਨਾ ਪੁਲਿਸ ਦੀ ਇਸ ਸ਼ਾਨਦਾਰ ਕਾਰਵਾਈ ਦੀ ਭਰਪੂਰ ਸ਼ਲਾਘਾ ਕੀਤੀ। ਪੰਚਾਇਤ ਮੈਂਬਰਾਂ ਨੇ ਕਿਹਾ ਕਿ ਪੁਲਿਸ ਨੇ ਬਹੁਤ ਘੱਟ ਸਮੇਂ ਵਿੱਚ ਚਾਰਾਂ ਲੜਕੀਆਂ ਨੂੰ ਸੁਰੱਖਿਅਤ ਬਰਾਮਦ ਕਰਕੇ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਨੇ ਐਸਐਸਪੀ ਡਾ. ਦਰਪਣ ਆਹਲੂਵਾਲੀਆ, ਡੀਐਸਪੀ ਹਰਮਨਪ੍ਰੀਤ ਸਿੰਘ ਚੀਮਾ ਅਤੇ ਸਮੁੱਚੀ ਪੁਲਿਸ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੰਨਾ ਪੁਲਿਸ ਨੇ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਕੀਤਾ ਹੈ।

Published on: 05 Jun 2026

Amandeep Mehra
📣 Share this post

Latest News