ਚੰਡੀਗ੍ਹੜ,ਲੋਕਬਾਣੀ--ਇਸ ਸ਼ਹਿਰ ਦੀ ਵੱਡੀ ਖ਼ਬਰ ਕੇਂਦਰੀ ਜਾਂਚ ਬਿਊਰੋ (CBI) ਨੇ ਇੱਕ ਬਹੁਤ ਵੱਡੀ ਕਾਰਵਾਈ ਕਰਦੇ ਹੋਏ ਹਰਿਆਣਾ ਕੈਡਰ ਦੇ ਸੀਨੀਅਰ ਆਈ.ਏ.ਐਸ. (IAS) ਅਧਿਕਾਰੀ ਪੰਕਜ ਅਗਰਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਕਰੋੜਾਂ ਰੁਪਏ ਦੇ ਬਹੁ-ਚਰਚਿਤ ਆਈ.ਡੀ.ਐਫ.ਸੀ. ਫਸਟ ਬੈਂਕ (IDFC First Bank) ਅਤੇ ਏ.ਯੂ. ਸਮਾਲ ਫਾਈਨੈਂਸ ਬੈਂਕ ਘੁਟਾਲੇ ਦੇ ਸਿਲਸਿਲੇ ਵਿੱਚ ਕੀਤੀ ਗਈ ਹੈ।
ਪੰਕਜ ਅਗਰਵਾਲ ‘ਤੇ ਦੋਸ਼ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਰਕਾਰੀ ਨਿਯਮਾਂ ਨੂੰ ਤਾਕ ‘ਤੇ ਰੱਖ ਕੇ ਬੈਂਕ ਖਾਤੇ ਖੋਲ੍ਹੇ ਗਏ ਅਤੇ ₹60.54 ਕਰੋੜ ਦੇ ਸਰਕਾਰੀ ਫੰਡ ਦਾ ਗਬਨ (ਹੇਰਾਫੇਰੀ) ਕੀਤਾ ਗਿਆ। ਇਸ ਮਾਮਲੇ ਵਿੱਚ ਹੋਈ ਇਸ ਵੱਡੀ ਗ੍ਰਿਫ਼ਤਾਰੀ ਤੋਂ ਬਾਅਦ ਹਰਿਆਣਾ ਅਤੇ ਦਿੱਲੀ ਦੇ ਪ੍ਰਸ਼ਾਸਨਿਕ ਗਲਿਆਰਿਆਂ ਵਿੱਚ ਭਾਰੀ ਹੜਕੰਪ ਮਚ ਗਿਆ ਹੈ।
ਇਹ ਪੂਰਾ ਮਾਮਲਾ ਹਰਿਆਣਾ ਸਕੂਲ ਸਿੱਖਿਆ ਪ੍ਰੋਜੈਕਟ ਪ੍ਰੀਸ਼ਦ (HSSPP) ਅਤੇ ਹਰਿਆਣਾ ਸਟੇਟ ਐਗਰੀਕਲਚਰ ਮਾਰਕੀਟਿੰਗ ਬੋਰਡ (HSAMB) ਦੇ ਫੰਡਾਂ ਨਾਲ ਜੁੜਿਆ ਹੋਇਆ ਹੈ। ਜਾਂਚ ਏਜੰਸੀਆਂ ਮੁਤਾਬਕ, ਪੰਕਜ ਅਗਰਵਾਲ ਜਦੋਂ ਸਕੂਲ ਸਿੱਖਿਆ ਵਿਭਾਗ ਅਤੇ ਖੇਤੀਬਾੜੀ ਵਿਭਾਗ ਵਿੱਚ ਪ੍ਰਮੁੱਖ ਸਕੱਤਰ ਦੇ ਅਹੁਦੇ ‘ਤੇ ਤਾਇਨਾਤ ਸਨ, ਉਦੋਂ ਚੰਡੀਗੜ੍ਹ ਦੇ ਸੈਕਟਰ-32 ਸਥਿਤ ਆਈ.ਡੀ.ਐਫ.ਸੀ. ਫਸਟ ਬੈਂਕ ਦੀ ਸ਼ਾਖਾ ਵਿੱਚ ਸ਼ੱਕੀ ਤਰੀਕੇ ਨਾਲ ਖਾਤੇ ਖੋਲ੍ਹੇ ਗਏ ਸਨ।
ਸੀਬੀਆਈ (CBI) ਦੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿੱਤ ਵਿਭਾਗ ਦੀਆਂ ਗਾਈਡਲਾਈਨਜ਼ ਦੀ ਪੂਰੀ ਤਰ੍ਹਾਂ ਉਲੰਘਣਾ ਕਰਕੇ ਇਨ੍ਹਾਂ ਖਾਤਿਆਂ ਦਾ ਸੰਚਾਲਨ ਕੀਤਾ ਗਿਆ। ਇਨ੍ਹਾਂ ਵਿੱਚ ਵੱਡੇ ਪੱਧਰ ‘ਤੇ ਬੇਨਿਯਮੀਆਂ ਪਾਈਆਂ ਗਈਆਂ ਅਤੇ ਗੈਰ-ਕਾਨੂੰਨੀ ਢੰਗ ਨਾਲ ਸਰਕਾਰੀ ਫੰਡ ਨੂੰ ਸ਼ੈੱਲ ਕੰਪਨੀਆਂ (ਫਰਜ਼ੀ ਕੰਪਨੀਆਂ) ਅਤੇ ਨਿੱਜੀ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਗਿਆ ਸੀ।
ਜਾਣੋ ਕੌਣ ਹਨ IAS ਪੰਕਜ ਅਗਰਵਾਲ?
ਪੰਕਜ ਅਗਰਵਾਲ ਹਰਿਆਣਾ ਕੈਡਰ ਦੇ 2000 ਬੈਚ ਦੇ ਆਈ.ਏ.ਐਸ. (IAS) ਅਧਿਕਾਰੀ ਹਨ ਅਤੇ ਮੂਲ ਰੂਪ ਵਿੱਚ ਝਾਰਖੰਡ ਦੇ ਧਨਬਾਦ ਦੇ ਰਹਿਣ ਵਾਲੇ ਹਨ। ਮਾਰਚ 2026 ਵਿੱਚ ਉਨ੍ਹਾਂ ਨੂੰ ਸਿੰਚਾਈ ਵਿਭਾਗ ਦਾ ਪ੍ਰਿੰਸੀਪਲ ਸੈਕਟਰੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਹਰਿਆਣਾ ਦੇ ਚੀਫ਼ ਇਲੈਕਟੋਰਲ ਅਫ਼ਸਰ (ਮੁੱਖ ਚੋਣ ਅਧਿਕਾਰੀ) ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।
ਇਸ ਦੇ ਨਾਲ ਹੀ ਉਹ ਸਕੂਲ ਸਿੱਖਿਆ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਵੀ ਰਹੇ ਹਨ। ਹਰਿਆਣਾ ਵਿੱਚ ਉਨ੍ਹਾਂ ਨੇ ਆਪਣੀ ਸਿਵਲ ਸੇਵਾ ਦੀ ਸ਼ੁਰੂਆਤ ਗੁਰੂਗ੍ਰਾਮ (ਉਦੋਂ ਗੁੜਗਾਓਂ) ਦੇ ਅਸਿਸਟੈਂਟ ਕਮਿਸ਼ਨਰ ਹਿਪਾ (HIPA) ਵਜੋਂ ਕੀਤੀ ਸੀ। ਇਸ ਤੋਂ ਬਾਅਦ ਉਹ ਕਰਨਾਲ, ਝੱਜਰ ਅਤੇ ਰੋਹਤਕ ਵਿੱਚ ਤਾਇਨਾਤ ਰਹੇ।
ਸਾਲ 2007 ਵਿੱਚ ਉਨ੍ਹਾਂ ਨੂੰ ਕੁਰੂਕਸ਼ੇਤਰ ਦਾ ਡੀਸੀ (DC) ਲਗਾਇਆ ਗਿਆ ਅਤੇ ਬਾਅਨ ਵਿੱਚ ਉਹ ਸੋਨੀਪਤ ਦੇ ਵੀ ਡੀਸੀ ਰਹੇ। ਇਸ ਤੋਂ ਬਾਅਦ ਉਹ ਚੰਡੀਗੜ੍ਹ ਵਿੱਚ ਵੱਖ-ਵੱਖ ਅਹਿਮ ਵਿਭਾਗਾਂ ਵਿੱਚ ਡਿਊਟੀ ਨਿਭਾਉਂਦੇ ਹੋਏ ਮੌਜੂਦਾ ਸਮੇਂ ਵਿੱਚ ਪ੍ਰਮੁੱਖ ਸਕੱਤਰ (ਸਿੰਚਾਈ ਵਿਭਾਗ) ਦੇ ਅਹੁਦੇ ‘ਤੇ ਕਾਰਜਸ਼ੀਲ ਸਨ।
