*ਅਕਾਸ਼ਵਾਣੀ ਕੇਦਰਾਂ ਤੋਂ ਪੰਜਾਬੀ ਖਬਰਾਂ ਦੇ ਬੁਲੇਟਿਨ ਬੰਦ ਕਰਨੇ ਪੰਜਾਬੀ ਭਾਸ਼ਾ ਨਾਲ ਬੇਇਨਸਾਫੀ:- ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ।
*ਅਕਾਸ਼ਵਾਣੀ ਕੇਦਰਾਂ ਤੋਂ ਪੰਜਾਬੀ ਖਬਰਾਂ ਦੇ ਬੁਲੇਟਿਨ ਬੰਦ ਕਰਨੇ ਪੰਜਾਬੀ ਭਾਸ਼ਾ ਨਾਲ ਬੇਇਨਸਾਫੀ:- ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ।
ਸ੍ਰੀ ਅਨੰਦਪੁਰ ਸਾਹਿਬ:- 28 ਮਈ (ਜੋਗਿੰਦਰ ਰਾਣਾ ,ਰਾਜਿੰਦਰ ਧੀਮਾਨ)
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਰਕਾਰ ਵੱਲੋਂ ਅਕਾਸ਼ਵਾਣੀ ਦੇ ਕੇਂਦਰਾਂ ਤੋਂ ਪੰਜਾਬੀ ਖ਼ਬਰਾਂ ਦੇ ਬੁਲੇਟਿਨ ਬੰਦ ਕਰਨ ਤੇ ਜ਼ੋਰਦਾਰ ਰੋਸ ਪ੍ਰਗਟ ਕਰਦਿਆ ਕਿਹਾ ਕਿ ਸਰਕਾਰਾਂ ਪੰਜਾਬੀਆਂ ਨੂੰ ਹਰ ਪੱਖ ਤੋਂ ਘਸਿਆਰੇ ਬਨਾਉਣ ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅਕਾਸ਼ਵਾਣੀ ਦੇ ਦਿੱਲੀ ਤੇ ਚੰਡੀਗੜ੍ਹ ਕੇਂਦਰਾਂ ਤੋਂ ਖਬਰਾਂ ਦੇ ਪੰਜਾਬੀ ਬੁਲੇਟਿਨ ਬੰਦ ਕਰਨੇ ਬਹੁਤ ਨਿੰਦਣਯੋਗ ਤੇ ਸਰਕਾਰ ਦਾ ਪੰਜਾਬ ਪੰਜਾਬੀ ਪ੍ਰਤੀ ਰਵੱਇਆ ਤੰਗ ਦਿਲ ਤੇ ਸੰਕੀਰਨਤਾ ਵਾਲਾ ਹੈ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇਕ ਲਿਖਤੀ ਬਿਆਨ ਵਿੱਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਪਿਛਲੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਚਲਦੇ ਪੰਜਾਬੀ ਖਬਰਾਂ ਦੇ ਵੱਖ-ਵੱਖ ਬੁਲੇਟਿਨਾਂ ਨੂੰ ਅਕਾਸ਼ਵਾਣੀ ਕੇਂਦਰਾਂ ਤੋਂ ਬੰਦ ਕਰ ਦਿੱਤਾ ਗਿਆ ਹੈ ਇਹ ਬਹੁਤ ਅਫਸੋਸਜਨਕ ਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਪੰਜਾਬ, ਪੰਜਾਬੀਅਤ ਤੇ ਪੰਜਾਬੀ ਭਾਸ਼ਾ ਨਾਲ ਵਿਤਕਰੇ ਬਾਜ਼ੀ ਤੇ ਧੱਕੇਸ਼ਾਹੀ ਬੇਇਨਸਾਫੀ ਵਾਲਾ ਹੈ। ਜਿਸ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਆਪਣੀ ਭਾਸ਼ਾ, ਸੂਬੇ ਪ੍ਰਤੀ ਹਰ ਮੰਗ ਨੂੰ ਪੂਰਿਆ ਕਰਾਉਣ ਲਈ ਸੰਘਰਸ਼, ਧਰਨੇ ਰੱਖ ਕੇ ਆਪਣਾ ਖ਼ੂਨ ਕਿਉ ਡੋਲਣਾ ਪੈਂਦਾ ਹੈ ਕੀ ਸਰਕਾਰਾਂ ਏਹੀ ਚਾਹੁੰਦੀਆਂ ਹਨ ਕਿ ਪੰਜਾਬੀਆਂ ਨੂੰ ਇਸ ਤਰ੍ਹਾਂ ਉਲਝਾ ਦਿਤਾ ਜਾਵੇ ਕਿ ਉਹ ਆਪਣੀਆਂ ਮੰਗਾਂ ਮਨਾਉਣ ਵਿਚ ਹੀ ਉਲਝੇ ਰਹਿਣ। ਉਨ੍ਹਾਂ ਕਿਹਾ ਅਜਿਹੇ ਗੁੱਝੇ ਧੱਕੇ ਸਰਕਾਰ ਜਾਣ ਬੁੱਝ ਕੇ ਕਰ ਰਹੀ ਹੈ ਜੋ ਸਹਿਣਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬੀ ਹਤੈਸ਼ੀਆਂ ਨੂੰ ਇਸ ਘਟੀਆਂ ਫੈਸਲੇ ਵਿਰੁੱਧ ਡੱਟ ਕੇ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।