ਨਰਮਦਾ ਬਚਾਉ ਅੰਦੋਲਨ ਦੀ ਅਗਵਾਈ ਕਰ ਰਹੀ ਸਮਾਜਿਕ ਕਰਤਾ ਮੇਧਾ ਪਾਟੇਕਰ ਅਤੇ ਹੋਰ ਗਿਆਰਾਂ ਮੈਂਬਰਾਂ ਖਿਲਾਫ ਦਰਜ ਕੀਤੀ ਐਫ ਆਈ ਆਰ ਰੱਦ ਕਰੇ ਮੱਧ ਪ੍ਰਦੇਸ਼ ਸਰਕਾਰ
ਨਰਮਦਾ ਬਚਾਉ ਅੰਦੋਲਨ ਦੀ ਅਗਵਾਈ ਕਰ ਰਹੀ ਸਮਾਜਿਕ ਕਰਤਾ ਮੇਧਾ ਪਾਟੇਕਰ ਅਤੇ ਹੋਰ ਗਿਆਰਾਂ ਮੈਂਬਰਾਂ ਖਿਲਾਫ ਦਰਜ ਕੀਤੀ ਐਫ ਆਈ ਆਰ ਰੱਦ ਕਰੇ ਮੱਧ ਪ੍ਰਦੇਸ਼ ਸਰਕਾਰ
ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਲੋਕ ਹਿਤੈਸ਼ੀ ਅੰਦੋਲਨ ਨੂੰ ਕੁਚਲਣ ਦੀ ਨੀਤੀ ਵਾਪਸ ਲਵੋ ਜਮਹੂਰੀ ਅਧਿਕਾਰ ਸਭਾ ਪੰਜਾਬ
ਗੁਰਦਾਸਪੁਰ-ਨਵਨੀਤ ਕੁਮਾਰ
ਪਿਛਲੇ 40 ਸਾਲਾਂ ਤੋਂ ਨਰਮਦਾ ਘਾਟੀ ਤੇ ਉਸਾਰੇ ਸਰਦਾਰ ਸਰਵਰ ਡੈਮ ਕਾਰਨ ਉਜਾੜੇ ਆਦਿ ਵਾਸੀਆਂ ਅਤੇ ਕਿਰਸਾਨਾ ਦੇ ਹਿਤਾਂ ਦੀ ਰਾਖੀ ਲਈ ਸੰਘਰਸ਼ ਕਰ ਰਹੀ ਉੱਘੀ ਸਮਾਜਿਕ ਕਾਰਜਕਰਤਾ ਮੇਧਾ ਪਾਟੇਕਰ ਦੇ ਸਮੇਂਤ ਹੋਰ 11 ਵਿਅਕਤੀਆਂ ਖਿਲਾਫ ਇੱਕ ਬੇਬੁਨਿਆਦ ਸ਼ਿਕਾਇਤ ਅਧਾਰਿਤ ਮੱਧ ਪ੍ਰਦੇਸ਼ ਸਰਕਾਰ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਜਿਸ ਦੀ ਵਿਸ਼ਵ ਭਰ ਵਿਚ ਸਮਾਜਿਕ ਕਾਰਜਕਰਤਾ ਵਲੋਂ ਨਿੰਦਾ ਕੀਤੀ ਜਾ ਰਹੀ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਇਸ ਝੂਠੇ ਪਰਚੇ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਸਭਾ ਦੇ ਪੰਜਾਬ ਪ੍ਰਧਾਨ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਬਠਿੰਡਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਲਈ ਜਲ ਜੰਗਲ ਜ਼ਮੀਨ ਦੀ ਰਾਖੀ ਲਈ ਅੰਦੋਲਨ ਕਰ ਰਹੇ ਲੋਕਾਂ ਦਾ ਮਨੋਬਲ ਕਮਜ਼ੋਰ ਕਰਨ ਲਈ ਇਹੋ ਜਿਹੀ ਝੂਠੇ ਕੇਸ ਬਨਾਏ ਜਾ ਰਹੇ ਹਨ। ਮੇਧਾ ਪਾਟੇਕਰ ਅਤੇ ਉਸ ਦੇ ਸਾਥੀਆਂ ਤੇ ਲਗਾਏ ਗਏ ਦੋਸ਼ਾਂ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਪਹਿਲਾਂ ਹੀ ਜੁਲਾਈ 2007 ਵਿਚ ਝੂਠੇ ਸਾਬਿਤ ਹੋਣ ਤੇ ਰੱਦ ਕੀਤਾ ਗਿਆ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਸਮਝ ਹੈ ਕਿ ਇਹ ਐਫ ਆਈ ਆਰ ਉਸ ਹੀ ਫਾਸ਼ੀਵਾਦੀ ਸੋਚ ਦਾ ਪ੍ਰਗਟਾਵਾ ਹੈ ਜਿਸ ਦੀ ਲੜੀ ਅਨੁਸਾਰ ਗੁਜਰਾਤ ਦੇ ਭਿਆਨਕ ਦੰਗਿਆਂ ਵਿਚ ਮਾਰੇ ਗਏ ਮਸੂਮਾਂ ਨੂੰ ਇਨਸਾਫ ਦਿਵਾਉਣ ਲਈ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀ ਤੀਸਤਾ ਸੀਤਲਵਾੜ ਦੀ ਗਿਰਫਤਾਰੀ, ਭੀਮਾਂ ਕੋਰੇਗਾਂਵ ਕੇਸ ਵਿੱਚ ਨਜਾਇਜ਼ ਹਿਰਾਸਤ ਵਿੱਚ ਲਏ ਬੁਧੀਜੀਵੀਆਂ ਅਤੇ ਤੱਥ ਖੋਜ ਕਰਤਾ ਮਹੁੰਮਦ ਜਾਵੇਦ ਦੀ ਗਿਰਫਤਾਰੀ, ਅਮੈਨਸਟੀ ਇੰਟਰਨੈਸ਼ਨਲ ਦੇ ਮੁੱਖ ਕਾਰਜਕਾਰੀ ਮੈਂਬਰ ਆਕਾਰ ਪਟੇਲ ਨੂੰ ਆਰਥਿਕ ਤੌਰ ਤੇ ਦੰਡ ਦੇਣ ਤੋਂ ਇਲਾਵਾ ਦੇਸ਼ ਦੇ ਕੋਨੇ ਕੋਨੇ ਵਿਚ ਹਜ਼ਾਰਾਂ ਲੋਕਾਂ ਨੂੰ ਬੁਲਡੋਜ਼ਰਾਂ ਦੀ ਰਾਜਨੀਤੀ ਅਨੁਸਾਰ ਜ਼ਬਾਨ ਬੰਦੀ ਕੀਤੀ ਜਾ ਰਹੀ ਹੈ। ਸਭਾ ਵੱਲੋਂ ਮੰਗ ਕਰਦੀ ਹੈ ਕਿ ਪ੍ਰੀਤਮ ਬੜਬੋਲੇ ਦੁਬਾਰਾ ਕੀਤੀ ਸ਼ਿਕਾਇਤ ਅਧਾਰਤ ਐਫ ਆਈ ਆਰ ਰੱਦ ਕਰ ਕੇ ਅੱਗੇ ਤੋਂ ਇਸ ਦੇ ਕੋਈ ਕਾਰਵਾਈ ਨਾ ਕੀਤੀ ਜਾਵੇ। ਦੇਸ਼ ਭਰ ਵਿੱਚ ਫਾਸ਼ੀਵਾਦੀ ਦਮਨਕਾਰੀ ਨੀਤੀਆਂ ਅਨੁਸਾਰ ਗਿਰਫ਼ਤਾਰ ਕੀਤੇ ਮਨੁੱਖੀ ਅਧਿਕਾਰਾਂ ਅਤੇ ਜਮੂਹਰੀ ਅਧਿਕਾਰਾਂ ਦੇ ਅਲੰਬਰਦਾਰ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਸਭਾ ਤੀਸਤਾ ਸੀਤਲਵਾੜ, ਮੁਹੰਮਦ ਜਾਵੇਦ, ਭੀਮਾ ਕੋਰੇਗਾਂਵ ਕੇਸ ਅਧੀਨ ਗਿਰਫ਼ਤਾਰ ਕੀਤੇ ਬੁਧੀਜੀਵੀਆਂ ਦੀ ਰਿਹਾਈ ਲਈ ਸਮੁੱਚੇ ਇਨਸਾਫ਼ ਪਸੰਦ ਲੋਕਾਂ ਨੂੰ ਜਾਗਰੂਕ ਹੋਣ ਦਾ ਸੱਦਾ ਦਿੰਦਿਆਂ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ।