ਇਕ ਔਰਤ ਨੇ ਸਰਕਾਰੀ ਸਹਾਇਤਾ ਲੈਣ ਲਈ ਆ ਕੀ ਕੀਤਾ ……..
ਇਕ ਔਰਤ ਨੇ ਸਰਕਾਰੀ ਸਹਾਇਤਾ ਲੈਣ ਲਈ ਆ ਕੀ ਕੀਤਾ ……..
ਇਕ ਗਰੀਬ ਔਰਤ ਦਾ ਨਾਂਅ ਜਾਣ–ਬੁੱਝ ਕੇ ਇੱਥੇ ਜੱਗ–ਜ਼ਾਹਿਰ ਨਹੀਂ ਕੀਤਾ ਜਾ ਰਿਹਾ। ਇਸ ਨੂੰ ਸਰਕਾਰੀ ਵਿਭਾਗ ਭਾਵੇਂ ‘ਸਾਜ਼ਿਸ਼’ ਆਖ ਲਵੇ ਪਰ ਇਹ ਦੇਸ਼ ਦੇ ਗ਼ਰੀਬਾਂ ਤੇ ਲੋੜਵੰਦਾਂ ਦੀਆਂ ਮਜਬੂਰੀਆਂ ਹੀ ਹਨ, ਜੋ ਉਨ੍ਹਾਂ ਤੋਂ ਇਹ ਸਭ–ਕੁਝ ਕਰਵਾ ਦਿੰਦੀਆਂ ਹਨ।ਇਹ ਔਰਤ ਆਪਣਾ ‘ਮਰਿਆ ਹੋਇਆ ਨਵ–ਜਨਮਿਆ ਬੱਚਾ’ ਸਰਕਾਰੀ ਅਧਿਕਾਰੀ ਕੋਲ ਲੈ ਕੇ ਆਈ ਸੀ ਕਿ ਤਾਂ ਜੋ ਉਸ ਦਾ ਨਾਂਅ ਸਰਕਾਰੀ ਯੋਜਨਾ ਦੇ ਲਾਭਪਾਤਰੀਆਂ ਦੀ ਸੂਚੀ ਵਿੱਚ ਦਰਜ ਹੋ ਸਕੇ।
ਪਰ ਉੱਥੇ ਜਦੋਂ ਅਧਿਕਾਰੀ ਨੇ ‘ਬੱਚੇ ਦੀ ਲਾਸ਼’ ਤੋਂ ਕੱਪੜਾ ਹਟਾ ਕੇ ਵੇਖਿਆ, ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਉਹ ਕਿਸੇ ਨਵ–ਜਨਮੇ ਬੱਚੇ ਦੀ ਮ੍ਰਿਤਕ–ਦੇਹ ਨਹੀਂ ਸੀ, ਸਗੋਂ ਉਹ ਤਾਂ ਸਿਰਫ਼ ਕਣਕ ਦਾ ਆਟਾ ਸੀ, ਜਿਸ ਨੂੰ ਇੱਕ ਬੱਚੇ ਦੇ ਸਰੀਰ ਵਰਗੀ ਸ਼ਕਲ ਦੇਣ ਦਾ ਜਤਨ ਕੀਤਾ ਗਿਆ ਸੀ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਅਜਿਹੀ ਘਟਨਾ ਵਾਪਰੀ ਹੈ। ਉਸ ਔਰਤ ਦੇ ਨਾਲ ਮੌਜੂਦ ਇੱਕ ‘ਮਾਨਤਾ–ਪ੍ਰਾਪਤ ਸਮਾਜਕ ਸਿਹਤ ਕਾਰਕੁੰਨ’ ਨੂੰ ਹੁਣ ‘ਕਾਰਨ–ਦੱਸੋ ਨੋਟਿਸ’ ਜਾਰੀ ਕਰ ਦਿੱਤਾ ਗਿਆ ਹੈ ਕਿ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ।
ਕਾਇਲਾਰਸ ਬਲਾੱਕ ਹੈੱਡਕੁਆਰਟਰਜ਼ ਸਥਿਤ ਕਮਿਊਨਿਟੀ ਹੈਲਥ ਸੈਂਟਰ ਦੇ ਮੈਡੀਕਲ ਅਫ਼ਸਰ ਡਾ. ਐੱਸਆਰ ਮਿਸ਼ਰਾ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਭੋਪਾਲ ਤੋਂ 465 ਕਿਲੋਮੀਟਰ ਦੂਰ ਮੋਰਨੀਆ ਜ਼ਿਲ੍ਹੇ ਦੇ ਕਾਇਲਾਰਸ ਵਿਖੇ ਵਾਪਰੀ ਪਰ ਸਥਾਨਕ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਵੀਰਵਾਰ ਨੂੰ ਮਿਲੀ।
ਡਾ. ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੀ ਘਟਨਾ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖੀ ਹੈ ਤੇ ‘ਮੈਂ ਕਦੇ ਇਹ ਆਸ ਨਹੀਂ ਸੀ ਕੀਤੀ ਕਿ ਲੋਕ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਇੰਨੀ ਨੀਂਵੀਂ ਹੱਦ ਤੱਕ ਚਲੇ ਜਾਣਗੇ।’
ਇੱਥੇ ਵਰਨਣਯੋਗ ਹੈ ਕਿ ‘ਸ਼ਮਿਕ ਸੇਵਾ ਪ੍ਰਸੂਤੀ ਸਹਾਇਤਾ ਯੋਜਨਾ’ ਅਧੀਨ ਇੱਕ ਦਿਹਾਤੀ ਔਰਤ ਨੂੰ ਜਣੇਪੇ ਤੋਂ ਬਾਅਦ ਪੌਸ਼ਟਿਕ ਭੋਜਨ ਲਈ 1,400 ਰੁਪਏ ਅਤੇ ਤਿੰਨ ਮਹੀਨਿਆਂ ਲਈ 16,000 ਰੁਪਏ ਦਿੱਤੇ ਜਾਂਦੇ ਹਨ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਜਣੇਪੇ ਕਾਰਨ ਘੱਟੋ–ਘੱਟ ਤਿੰਨ ਮਹੀਨਿਆਂ ਲਈ ਉਸ ਦੀਆਂ ਦਿਹਾੜੀਆਂ ਟੁੱਟ ਜਾਂਦੀਆਂ ਹਨ ਤੇ ਇੰਝ ਉਸ ਦੀ ਕੁਝ ਮਦਦ ਹੋ ਸਕੇ