Friday, November 15, 2024
Breaking Newsਸਿਹਤਧਾਰਮਿਕਪੰਜਾਬਮੁੱਖ ਖਬਰਾਂ

ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਪਾਬੰਦੀਆਂ ਸੰਬੰਧੀ ਹੁਕਮ ਜਾਰੀ

ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਪਾਬੰਦੀਆਂ ਸੰਬੰਧੀ ਹੁਕਮ ਜਾਰੀ
ਲੁਧਿਆਣਾ, (ਰਾਮ ਰਾਜਪੂਤ ਸੁਖਚੈਨ ਮਹਿਰਾ ) – ਆਮ ਤੌਰ ‘ਤੇ ਦੇਖਣ ਵਿੱਚ ਆਉਂਦਾ ਹੈ ਜਦੋਂ ਪੁਰਾਣੇ ਵਾਹਨਾਂ ਦੀ ਖਰੀਦ ਵੇਚ ਕੀਤੀ ਜਾਂਦੀ ਹੈ ਤਾਂ ਖਰੀਦਣ ਵਾਲੇ ਵਿਅਕਤੀ ਵੱਲੋਂ ਨਿਯਮਾਂ ਮੁਤਾਬਿਕ ਵਾਹਨ ਆਪਣੇ ਨਾਮ ਨਹੀਂ ਕਰਵਾਏ ਜਾਂਦੇ, ਜਿਸ ਕਾਰਨ ਅਪਰਾਧੀ ਕਿਸਮ ਦੇ ਲੋਕਾਂ ਵੱਲੋਂ ਅਜਿਹੇ ਵਾਹਨ ਖਰੀਦ ਕੇ ਅਪਰਾਧਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਆਮ ਲੋਕਾਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਮੁੱਖ ਰੱਖਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਤਹਿਤ ਪੁਰਾਣੇ ਖਰੀਦੇ ਵਾਹਨਾਂ ਦੀ ਰਜਿਸਟਰੇਸ਼ਨ ਮੋਟਰ ਵਹੀਕਲ ਐਕਟ ਤਹਿਤ 30 ਦਿਨਾਂ ਦੇ ਅੰਦਰ-ਅੰਦਰ ਤਬਦੀਲ ਕਰਾਉਣ ਦਾ ਹੁਕਮ ਜਾਰੀ ਕੀਤਾ ਹੈ।
ਸ੍ਰੀ ਅਗਰਵਾਲ ਨੇ ਕਿਹਾ ਕਿ ਖਰੀਦ ਕੀਤੇ ਵਾਹਨਾਂ ਦੀ ਰਜਿਸਟਰੇਸ਼ਨ 30 ਦਿਨਾਂ ਦੇ ਅੰਦਰ-ਅੰਦਰ ਆਪਣੇ ਨਾਮ ਕਰਾਉਣੀ ਜ਼ਰੂਰੀ ਹੁੰਦੀ ਹੈ। ਪਿਛਲੇ ਸਮੇਂ ਦੌਰਾਨ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਪਹਿਲੇ ਮਾਲਕ ਵੱਲੋਂ ਵੇਚਣ ਉਪਰੰਤ ਵਾਹਨ ਅੱਗੇ ਤੋਂ ਅੱਗੇ ਰਜਿਸਟ੍ਰੇਸ਼ਨ ਰਾਹੀਂ ਤਬਦੀਲ ਨਹੀਂ ਕੀਤੇ ਹੋਏ ਸਨ। ਇਸ ਤੋਂ ਇਲਾਵਾ ਵਾਹਨਾਂ ਦੀਆਂ ਨੰਬਰ ਪਲੇਟਾਂ ਵੀ ਰੂਲਜ਼ ਅਨੁਸਾਰ ਤਿਆਰ ਕਰਾਉਣ ਦਾ ਹੁਕਮ ਪਾਸ ਕੀਤਾ ਗਿਆ ਹੈ। ਬਿਨ੍ਹਾ ਨੰਬਰ ਪਲੇਟ ਵਾਲੇ ਵਾਹਨਾਂ ਅਤੇ ਨਾ ਪੜਨਯੋਗ ਨੰਬਰ ਪਲੇਟਾਂ ਵਾਲੇ ਵਾਹਨਾਂ ਨੂੰ ਚਲਾਉਣ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਦੋ ਮਹੀਨੇ ਲਈ ਜਾਰੀ ਰਹੇਗਾ।
ਪੁਲਿਸ ਕਮਿਸ਼ਨਰੇਟ ਦੇ ਏਰੀਆ ਵਿੱਚ ਖਤਰਨਾਕ ਡੋਰਾਂ ਦੀ ਵਿਕਰੀ, ਖ੍ਰੀਦ, ਸਟੋਰ ਕਰਨ ਅਤੇ ਵਰਤੋਂ ਕਰਨ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਦੇ ਇਲਾਕਿਆਂ ਅੰਦਰ ਵੱਖ-ਵੱਖ ਦੁਕਾਨਾਂ ‘ਤੇ ਬਹੁਤ ਹੀ ਖ਼ਤਰਨਾਕ ਚਾਈਨਾ ਮੇਡ ਡੋਰਾਂ (ਸਿੰਥੈਟਿਕ ਪਲਾਸਟਿਕ ਦੀਆਂ ਬਣੀਆ ਚਾਈਨਾ ਮੇਡ ਜਾਂ ਹੋਰ ਡੋਰਾਂ ਜਂੋ ਪਤੰਗ ਬਾਜੀ ਲਈ ਵਰਤੀਆਂ ਜਾਂਦੀਆਂ ਹਨ), ਵਿਕ ਰਹੀਆਂ ਹਨ, ਜੋ ਕਿ ਬਹੁਤ ਹੀ ਖਤਰਨਾਕ ਡੋਰ ਹੈ, ਕਾਫੀ ਸਖ਼ਤ ਅਤੇ ਨਾ-ਟੁੱਟਣਯੋਗ ਹਨ। ਇਹ ਮਨੁੱਖੀ ਜੀਵਨ ਲਈ ਖ਼ਤਰਨਾਕ ਹਨ ਅਤੇ ਇਹਨਾਂ ਦੀ ਵਰਤੋਂ ਨਾਲ ਕੋਈ ਵੀ ਮਾੜੀ ਘਟਨਾ ਵਾਪਰ ਸਕਦੀ ਹੈ। ਆਮ ਜਨਤਾ ਦੇ ਜਾਨ-ਮਾਲ ਦੀ ਸੁਰੱਖਿਆ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ।
ਪੈਰਾਮਿਲਟਰੀ ਫੋਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਦਾ ਸਾਜੋ-ਸਾਮਾਨ ਵੇਚ ਰਹੇ ਵਿਅਕਤੀਆਂ ਜਾਂ ਦੁਕਾਨਦਾਰਾਂ ਨੂੰ ਹਦਾਇਤ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹ ਆਪਣੇ ਇਸ ਕਾਰੋਬਾਰ ਬਾਰੇ ਮੁਕੰਮਲ ਰਿਕਾਰਡ ਤਿਆਰ ਕਰਨਾ ਯਕੀਨੀ ਬਣਾਉਣ ਦੇ ਨਾਲ-ਨਾਲ ਇਸ ਸੰਬੰਧੀ ਮਹੀਨਾਵਾਰ ਰਿਪੋਰਟ ਨੇੜਲੇ ਪੁਲਿਸ ਸਟੇਸ਼ਨ ਵਿੱਚ ਦੇਣੀ ਯਕੀਨੀ ਬਣਾਉਣ।
ਉਨ੍ਹਾਂ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਦੋਂ ਵੀ ਕੋਈ ਵਿਅਕਤੀ ਉਨ੍ਹਾਂ (ਦੁਕਾਨਦਾਰ) ਕੋਲ ਕਿਸੇ ਕਿਸਮ ਦੀ ਵਰਦੀ ਦਾ ਸਾਜੋ-ਸਮਾਨ ਖਰੀਦ ਕਰਨ ਲਈ ਆਉਂਦਾ ਹੈ ਤਾਂ ਉਸ (ਖਰੀਦਦਾਰ) ਨੂੰ ਵੇਚੇ ਗਏ ਸਮਾਨ ਦਾ ਵੇਰਵਾ ਅਤੇ ਖਰੀਦਦਾਰ ਦਾ ਸ਼ਨਾਖ਼ਤੀ ਕਾਰਡ, ਮੋਬਾਈਲ ਨੰਬਰ ਅਤੇ ਰਿਹਾਇਸ਼ੀ ਪਤੇ ਬਾਰੇ ਇੰਦਰਾਜ ਰਜਿਸਟਰ ਵਿੱਚ ਦਰਜ ਕੀਤਾ ਜਾਵੇ। ਇਸੇ ਤਰ੍ਹਾਂ ਹਰੇਕ ਦੁਕਾਨਦਾਰ ਇੱਕ ਮਹੀਨੇ ਵਿੱਚ ਵੇਚੇ ਗਏ ਵਰਦੀ ਦੇ ਸਾਜੋ-ਸਮਾਨ ਦੀ ਰਿਪੋਰਟ ਸੰਬੰਧਤ ਪੁਲਿਸ ਸਟੇਸ਼ਨ ਨੂੰ ਭੇਜਣ ਦਾ ਵੀ ਜਿੰਮੇਵਾਰ ਹੋਵੇਗਾ। ਹਰੇਕ ਦੁਕਾਨਦਾਰ ਦੀ ਇਹ ਜਿੰਮੇਵਾਰੀ ਤੈਅ ਕੀਤੀ ਗਈ ਹੈ ਕਿ ਉਹ ਮਹੀਨਾਵਾਰ ਗੋਸ਼ਵਾਰਾ ਤਿਆਰ ਕਰਕੇ ਸਮੁੱਚਾ ਰਿਕਾਰਡ ਤਿਆਰ ਕਰੇਗਾ। ਉਨ੍ਹਾਂ ਦੱਸਿਆ ਕਿ ਕਈ ਵਾਰ ਗੈਰ ਸਮਾਜੀ ਅਨਸਰ ਪੈਰਾ ਮਿਲਟਰੀ ਫੌਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਦਾ ਗੈਰ ਕਾਨੂੰਨੀ ਤੌਰ ‘ਤੇ ਇਸਤੇਮਾਲ ਕਰਕੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ। ਇਸ ਗੈਰ ਕਾਨੂੰਨੀ ਵਰਤੋਂ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਵੀ ਦੋ ਮਹੀਨੇ ਲਈ ਜਾਰੀ ਰਹਿਣਗੇ।
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਖੇਤਰ ਵਿੱਚ ਖੁੱਲ੍ਹੇਆਮ ਰੇਤਾ ਵਾਹਨ ਵਿੱਚ ਲੈ ਕੇ ਚੱਲਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਵਾਹਨਾਂ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਰੇਤਾ ਢੋਆ-ਢੁਆਈ ਸਮੇਂ ਰੇਤੇ ਨੂੰ ਤਿਰਪਾਲ ਨਾਲ ਢੱਕ ਕੇ ਹੀ ਚੱਲਿਆ ਜਾਵੇ। ਉਨ੍ਹਾਂ ਕਿਹਾ ਕਿ ਜੋ ਵਾਹਨ ਰੇਤਾ ਢੋਆ-ਢੁਆਈ ਦਾ ਕੰਮ ਕਰਦੇ ਹਨ ਉਹ ਰੇਤੇ ਨੂੰ ਢਕਣਾ ਜ਼ਰੂਰੀ ਨਹੀਂ ਸਮਝਦੇ, ਜਿਸ ਕਾਰਨ ਸੜਕਾਂ ‘ਤੇ ਰੇਤਾ ਉੱਡਦਾ ਹੈ ਅਤੇ ਵਾਹਨਾਂ ਵਿੱਚੋਂ ਪਾਣੀ ਚੋਂਦਾ ਹੈ, ਜਿਸ ਕਾਰਨ ਆਮ ਰਾਹਗੀਰਾਂ ਨੂੰ ਸੜਕ ‘ਤੇ ਚੱਲਣ ਵਿੱਚ ਸਮੱਸਿਆ ਪੇਸ਼ ਆਉਂਦੀ ਹੈ ਅਤੇ ਕਈ ਵਾਰ ਭਿਆਨਕ ਹਾਦਸੇ ਵੀ ਵਾਪਰ ਜਾਂਦੇ ਹਨ। ਅਜਿਹੇ ਹਾਦਸੇ ਰੋਕਣ ਲਈ ਇਹ ਪਾਬੰਦੀ ਹੁਕਮ ਜਾਰੀ ਕੀਤੇ ਗਏ ਹਨ।
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਦੁਕਾਨਦਾਰਾਂ ਵੱਲੋਂ ਅਣ-ਅਧਿਕਾਰਤ ਤੌਰ ‘ਤੇ ਬਿਨਾ ਆਈ.ਐਸ.ਆਈ. ਮਾਰਕਾ ਹੈਲਮਟ ਵੇਚਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਕਿਸੇ ਅਣ-ਸੁਖਾਵੀਂ ਘਟਨਾ ਸਮੇਂ ਬਿਨ੍ਹਾਂ ਆਈ.ਐਸ.ਆਈ ਮਾਰਕਾ ਹੈਲਮਟ ਟੁੱਟ ਜਾਂਦੇ ਹਨ ਅਤੇ ਵਾਹਨ ਚਾਲਕ ਸਖ਼ਤ ਜਖ਼ਮੀ ਹੋ ਜਾਂਦਾ ਹੈ ਅਤੇ ਕਈ ਵਾਰ ਉਸ ਦੀ ਮੌਤ ਹੋ ਜਾਂਦੀ ਹੈ। ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਅਤੇ ਸੁਰੱਖਿਆ ਲਈ ਇਹ ਹੁਕਮ ਦੋ ਮਹੀਨੇ ਲਈ ਲਾਗੂ ਕੀਤੇ ਗਏ ਹਨ।
ਇਸ ਤੋਂ ਇਲਾਵਾ ਅਜਿਹੀਆਂ ਭਾਰ ਢੋਹਣ ਵਾਲੀਆਂ ਗੱਡੀਆਂ ਜਿੰਨ੍ਹਾਂ ਵਿੱਚ ਤਿੰਨ ਪਹੀਆ, ਚਾਰ ਪਹੀਆ ਜਾਂ ਇਸ ਤੋਂ ਵੱਧ ਪਹੀਆ ਵਾਲੀਆਂ ਗੱਡੀਆਂ ਸ਼ਾਮਿਲ ਹਨ ਤੇ ਆਮ ਜਨਤਾ ਨੂੰ ਲਿਜਾਣ ਅਤੇ ਢੋਹਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਕਿਸਮ ਦੀਆਂ ਭਾਰ ਢੋਹਣ ਵਾਲੀਆਂ ਗੱਡੀਆਂ ਜਿੰਨਾਂ ਵਿੱਚ ਤਿੰਨ ਪਹੀਆ, ਚਾਰ ਪਹੀਆ ਜਾਂ ਇਸ ਤੋਂ ਵੱਧ ਪਹੀਆ ਵਾਲੀਆਂ ਗੱਡੀਆਂ ਸਵਾਰੀਆਂ ਸ਼ਰੇਆਮ ਢੋਹਦੀਆਂ ਹਨ, ਜੋ ਕਿ ਗੈਰ ਕਾਨੂੰਨੀ ਅਤੇ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੀ ਘੋਰ ਉਲੰਘਣਾ ਹੈ ਅਤੇ ਮਨੁੱਖੀ ਜਾਨਾਂ ਲਈ ਵੀ ਖਤਰਨਾਕ ਸਿੱਧ ਹੋ ਸਕਦੀ ਹੈ, ਕਈ ਵਾਰ ਅਜਿਹੇ ਅਣਸੁਖਾਵੇਂ ਹਾਦਸੇ ਵੀ ਵਾਪਰਦੇ ਹਨ ਜਿੰਨਾਂ ਵਿੱਚ ਵੱਡ-ਮੁੱਲੀਆਂ ਜਾਨਾਂ ਅਜਾਈ ਚਲੀਆਂ ਜਾਂਦੀਆਂ ਹਨ। ਇਸ ਲਈ ਆਮ ਜਨਤਾ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਅਤੇ ਪਬਲਿਕ ਹਿੱਤ ਵਿੱਚ ਇਸ ਗੈਰ ਕਾਨੂੰਨੀ ਕਾਰਵਾਈ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਜ਼ਰੂਰਤ ਹੈ।
ਇੱਕ ਹੋਰ ਹੁਕਮ ਰਾਹੀਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਖੇਤਰ ਵਿੱਚ ਰਹਿੰਦੇ ਆਮ ਲੋਕਾਂ, ਮਕਾਨ ਮਾਲਕਾਂ, ਮਕਾਨਾਂ ਉੱਪਰ ਕਾਬਜ਼ ਵਿਅਕਤੀਆਂ, ਫੈਕਟਰੀਆਂ ਦੇ ਮਾਲਕਾਂ, ਵਿਦਿਅਕ ਅਦਾਰਿਆਂ, ਵੱਖ-ਵੱਖ ਵਿੱਤੀ ਅਦਾਰਿਆਂ ਦੇ ਮਾਲਕਾਂ ਅਤੇ ਸੁਰੱਖਿਆ ਏਜੰਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਨੌਕਰ, ਅਧਿਆਪਕ, ਡਰਾਈਵਰ, ਚੌਕੀਦਾਰ, ਮਾਲੀ ਅਤੇ ਕਿਰਾਏਦਾਰ ਆਦਿ ਰੱਖਣ ਵੇਲੇ ਉਨ੍ਹਾਂ ਦੇ ਪਿਛੋਕੜ ਬਾਰੇ ਜ਼ਰੂਰ ਜਾਣਨਾ ਯਕੀਨੀ ਬਣਾਉਣ।
ਉਨ੍ਹਾਂ ਕਿਹਾ ਕਿ ਨੌਕਰੀ ਜਾਂ ਕਿਰਾਏ ‘ਤੇ ਰੱਖਣ ਤੋਂ ਪਹਿਲਾਂ ਸੰਬੰਧਤ ਵਿਅਕਤੀ ਜਾਂ ਪਰਿਵਾਰ ਤੋਂ ਮੁਕੰਮਲ ਰਿਹਾਇਸ਼ੀ ਪਤਾ ਅਤੇ ਹੋਰ ਸੰਬੰਧਤ ਜਾਣਕਾਰੀ ਹਾਸਿਲ ਕਰਕੇ ਜਾਂ ਅਧਿਕਾਰਤ ਏਜੰਸੀ ਰਾਹੀਂ ਲੈ ਕੇ ਸੰਬੰਧਤ ਪੁਲਿਸ ਚੌਕੀ/ਥਾਣਾ ਵਿੱਚ ਤੁਰੰਤ ਦਰਜ ਕਰਵਾਉਣਾ ਜ਼ਰੂਰੀ ਹੈ ਤਾਂ ਜੋ ਸੰਬੰਧਤ ਵਿਅਕਤੀ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਲੰਘਣਾ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਉਨ੍ਹਾਂਂ ਕਿਹਾ ਕਿ ਲੁਧਿਆਣਾ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਬਾਹਰਲਿਆਂ ਸੂਬਿਆਂ ਤੋਂ ਆ ਕੇ ਵਸੇ ਹੋਏ ਅਤੇ ਵੱਖ-ਵੱਖ ਉਦਯੋਗਿਕ ਇਕਾਈਆਂ, ਪ੍ਰਾਈਵੇਟ ਸੁਰੱਖਿਆ ਏਜੰਸੀਆਂ ਜਾਂ ਅਦਾਰਿਆਂ, ਵੱਖ-ਵੱਖ ਵਪਾਰਕ ਕੰਪਨੀਆਂ, ਸਕੂਲਾਂ, ਕਾਲਜਾਂ, ਵਿੱਤੀ ਅਦਾਰਿਆਂ ਅਤੇ ਰੋਜ਼ਾਨਾ ਪੱਧਰ ‘ਤੇ ਕੰਮ ਕਰਦੇ ਹਨ। ਕੁਝ ਲੋਕ ਘਰੇਲੂ ਕੰਮਾਂ ਕਾਰਾਂ ਵਿੱਚ ਵੀ ਹੱਥ ਵਟਾਉਂਦੇ ਹਨ। ਅਜਿਹੇ ਵਿਅਕਤੀਆਂ ਨੂੰ ਕੰਮ ਜਾਂ ਕਿਰਾਏ ‘ਤੇ ਰੱਖਣ ਤੋਂ ਪਹਿਲਾਂ ਕੋਈ ਵੀ ਜਾਣਕਾਰੀ ਲੈਣੀ ਜ਼ਰੂਰੀ ਨਹੀਂ ਸਮਝੀ ਜਾਂਦੀ। ਜਿਸ ਕਾਰਨ ਅਜਿਹੇ ਲੋਕ ਮਾਲਕਾਂ ਦਾ ਵਿਸ਼ਵਾਸ਼ ਜਿੱਤ ਕੇ ਵੱਡੀ ਲੁੱਟ ਮਾਰ ਕਰ ਲੈਂਦੇ ਹਨ ਅਤੇ ਕਈ ਵਾਰ ਮਾਲਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ। ਜਿਸ ਕਾਰਨ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ। ਇਹ ਪਾਬੰਦੀ ਹੁਕਮ ਦੋ ਮਹੀਨੇ ਤੱਕ ਜਾਰੀ ਰਹਿਣਗੇ।

Share the News

Lok Bani

you can find latest news national sports news business news international news entertainment news and local news