ਇਸ ਜਿਲ੍ਹੇ ਚ ਨਵੇਂ ਅਸਲਾ ਲਾਇਸੈਂਸ ਬਣਵਾਉਣ ਲਈ ਬੂਟੇ ਲਗਾਉਣੇ ਪੈਣਗੇ ………
ਇਸ ਜਿਲ੍ਹੇ ਚ ਨਵੇਂ ਅਸਲਾ ਲਾਇਸੈਂਸ ਬਣਵਾਉਣ ਲਈ ਬੂਟੇ ਲਗਾਉਣੇ ਪੈਣਗੇ ………
ਲੁਧਿਆਣਾ,( ਸੁਖਚੈਨ ਮਹਿਰਾ,ਵਿਪੁਲ ਕਾਲੜਾ ) ਸੂਬੇ ‘ਚ ਜ਼ਮੀਨ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਅਤੇ ਘਟਦੇ ਜੰਗਲਾਂ ਦੇ ਰਕਬੇ ਪ੍ਰਤੀ ਜ਼ਿਲ੍ਹਾ ਲੁਧਿਆਣਾ ਵਾਸੀਆਂ ਨੂੰ ਲਾਮਬੰਦ ਕਰਨ ਦੇ ਮਕਸਦ ਨਾਲ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ੍ਰੀ ਚੰਦਰ ਗੈਂਗ ਵੱਲੋਂ ਅਸਲਾ ਲਾਇਸੈਸ ਬਣਵਾਉਣ/ਨਵਿਆਉਣ ਵਾਲਿਆਂ ਲਈ ਸਥਾਨਕ ਬੱਚਤ ਭਵਨ ਵਿਖੇ ਮੁਹਿੰਮ ‘ਟ੍ਰੀਜ਼ ਫਾਰ ਗੰਨ” ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਐਡੀਸ਼ਨਲ ਪੁਲਿਸ ਕਮਿਸ਼ਨਰ ਸ੍ਰੀ ਜੇ. ਇਲਨਚੇਜੀਅਨ ਵੀ ਸ਼ਾਮਲ ਸਨ।
ਇਸ ਮੁਹਿੰਮ ਨੂੰ ‘ਟ੍ਰੀਜ਼ ਫਾਰ ਗੰਨ” ਦਾ ਨਾਂ ਦਿੰਦਿਆਂ ਡਵੀਜ਼ਨਲ ਕਮਿਸ਼ਨਰ ਸ੍ਰੀ ਗੈਂਦ ਨੇ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਾ ਮੁੱਖ ਮਕਸਦ ਲੋਕਾਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕਰਨਾ ਅਤੇ ਰੁੱਖਾਂ ਨੂੰ ਪਾਲਣ ਲਈ ਪਾਬੰਦ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜੋ ਨਵਾਂ ਅਸਲਾ ਲਾਇਸੈਂਸ ਬਣਾਉਣ ਜਾਂ ਫੇਰ ਪੁਰਾਣੇ ਲਾਇਸੈਂਸ ਨੂੰ ਨਵਿਆਉਣਾ ਚਾਹੁੰਦਾ ਹੈ ਤਾਂ ਉਸ ਲਈ ਕ੍ਰਮਵਾਰ 10 ਅਤੇ 5 ਬੂਟੇ ਲਗਾਉਣੇ ਲਾਜ਼ਮੀ ਹੋਣਗੇ। ਉਹਨਾਂ ਕਿਹਾ ਕਿ ਅਸਲਾ ਲਾਇਸੈਂਸ ਦੀ ਫਾਇਲ ਜਮ੍ਹਾ ਕਰਵਾਉਣ ਸਮੇਂ ਬੂਟੇ ਲਗਾਉਣ ਦੀ ਸੈਲਫੀ ਨਾਲ ਦੇਣੀ ਹੋਵੇਗੀ। ਇੱਕ ਮਹੀਨੇ ਬਾਅਦ ਜਦ ਦਰਖਾਸਤ ਪੁਲਿਸ ਵੈਰੀਫਿਕੇਸ਼ਨ ਅਤੇ ਡੋਪ ਟੈਸਟ ਲਈ ਭੇਜੀ ਜਾਵੇਗੀ ਤਾਂ ਵੀ ਲਗਾਏ ਗਏ ਬੂਟਿਆਂ ਨਾਲ ਦੁਬਾਰਾ ਸੈਲਫੀ ਦੀਆਂ ਫੋਟੋਆਂ ਜਮ੍ਹਾਂ ਕਰਵਾਉਣੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਅਸਲਾ ਲਾਇਸੈਂਸ ਲੈਣ ਦੇ ਚਾਹਵਾਨਾਂ ਲਈ ਵਾਤਾਵਰਨ ਦੀ ਸੰਭਾਲ ਲਾਜ਼ਮੀ ਹੋਵੇਗੀ ਉੱਥੇ ਹੀ ਆਪਣੇ ਆਪ ਰੁੱਖਾਂ ਦੀ ਗਿਣਤੀ ‘ਚ ਵਾਧਾ ਹੋਵੇਗਾ ਅਤੇ ਜੰਗਲਾਂ ਹੇਠ ਰਕਬਾ ਵਧੇਗਾ।
ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸ੍ਰੀ ਚੰਦਰ ਗੈਂਦ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ‘ਚ ਹੁਣ ਤੱਕ 32111 ਅਸਲਾ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਰੇਕ ਸਾਲ ਲੱਗਭੱਗ 230 ਦੇ ਕਰੀਬ ਨਵੇਂ ਅਸਲਾ ਲਾਇਸੈਂਸ ਜ਼ਾਰੀ ਹੁੰਦੇ ਹਨ ਤਾਂ 2300 ਪੌਦੇ ਲਗਾਏ ਜਾ ਸਕਦੇ ਹਨ ਅਤੇ ਉਹਨਾਂ ਕਿਹਾ ਕਿ ਇਸੇ ਤਰ੍ਹਾਂ ਜੇਕਰ ਤਕਰੀਬਨ 10685 ਅਸਲਾ ਲਾਇਸੈਂਸ ਨਵੀਨੀਕਰਨ ਲਈ ਆਉਂਦੇ ਹਨ ਤਾਂ 53425 ਪੌਦੇ ਲਗਾਏ ਜਾ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਇਹ ਮੁਹਿੰਮ ਸੂਬੇ ‘ਚ ਚਲਾਈ ਜਾਵੇ ਤਾਂ ਰੁੱਖਾਂ ਦਾ ਅੰਕੜਾ ਸਾਲਾਨਾ 2 ਲੱਖ 64 ਹਜ਼ਾਰ ਹੋ ਜਾਵੇਗਾ। ਸ੍ਰੀ ਚੰਦਰ ਗੈਂਦ ਨੇ ਬਿਨੈਕਾਰਾਂ ਨੂੰ ਰਾਹਤ ਦਿੰਦਿਆਂ ਕਿਹਾ ਕਿ ਜਿਨ੍ਹਾਂ ਕੋਲ ਬੂਟੇ ਲਗਾਉਣ ਲਈ ਜਗ੍ਹਾ ਨਹੀਂ ਹੈ ਉਹ ਜਨਤਕ ਥਾਵਾਂ, ਸਿੱਖਿਆ ਸੰਸਥਾਵਾਂ, ਧਾਰਮਿਕ ਸਥਾਨਾਂ ਜਾਂ ਫਿਰ ਸੜਕਾਂ ਕਿਨਾਰੇ ਵੀ ਬੂਟੇ ਲਗਾ ਸਕਦੇ ਹਨ ਪਰ ਉਨ੍ਹਾਂ ਨੂੰ ਇਨ੍ਹਾਂ ਦੀ ਰੁੱਖ ਬਣਨ ਤੱਕ ਦੀ ਸੰਭਾਲ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ‘ਚ 732 ਜ਼ਿਲ੍ਹੇ ਹਨ ਅਤੇ ਜੇਕਰ ਹਰੇਕ ਜ਼ਿਲ੍ਹੇ ‘ਚ 200 ਅਸਲਾ ਲਾਇਸੈਂਸ ਫਾਇਲ ਆਉਂਦੀ ਹੈ ਅਤੇ ਉਨ੍ਹਾਂ ਵੱਲੋਂ ਰੁੱਖ ਲਗਾਏ ਜਾਂਦੇ ਹਨ ਤਾਂ ਸਾਲ ‘ਚ ਹੀ ਦੇਸ਼ ‘ਚ ਤਕਰੀਬਨ 1 ਕਰੋੜ ਨਵੇਂ ਰੁੱਖ ਲਗਾਏ ਜਾ ਸਕਣਗੇ ਜੋ ਵਾਤਾਵਰਨ ਸ਼ੁੱਧਤਾ ਵੱਲ ਇੱਕ ਵੱਡਾ ਕਦਮ ਹੋਵੇਗਾ। ਇਸ ਮੌਕੇ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਬੂਟੇ ਅਜਿਹੇ ਲਗਾਏ ਜਾਣ ਜੋ ਪਾਣੀ ਘੱਟ ਲੈਂਦੇ ਹੋਣ ਜਿਨ੍ਹਾਂ ‘ਚ ਆਉਲਾ, ਨਿੰਮ, ਕਿੱਕਰ, ਟਾਹਲੀ ਆਦਿ ਨੂੰ ਤਰਜੀਹ ਦਿੱਤੀ ਜਾਵੇ।
ਜਿਕਰਯੋਗ ਹੈ ਕਿ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸਨ ਤਾਂ ਉੱਥੇ ਵੀ ਉਨ੍ਹਾਂ ਵੱਲੋਂ ਰੁੱਖ ਲਗਾਉਣ ਦੀ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਟਵੀਟ ਕਰਕੇ ਸ਼ਲਾਘਾ ਕੀਤੀ ਗਈ ਸੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਜੀ ਨੇ ਅਸਲਾ ਲਾਇਸੈਸ ਬਣਵਾਉਣ/ਨਵਿਆਉਣ ਵਾਲਿਆਂ ਲਈ ਇਕ ਦਿਲਚਸਪ ਅਤੇ ਚੰਗੀ ਪਹਿਲ ਕੀਤੀ ਹੈ। ਉਹਨਾਂ ਕਿਹਾ ਕਿ ਬਿਨੈਕਾਰ ਵੱਲੋਂ ਲਗਾਏ ਪੌਦਿਆਂ ਦੀ ਨਿਗਰਾਨੀ ਲਈ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ‘ਟ੍ਰੀਜ਼ ਫਾਰ ਗੰਨ” ਸਕੀਮ ਨੇ ਜ਼ਿਲ੍ਹਾ ਫਿਰੋਜ਼ਪੁਰ ਨੂੰ ਸੰਸਾਰ ਪੱਧਰ ਉੱਤੇ ਇੱਕ ਵੱਖਰੀ ਪਛਾਣ ਦਿਵਾਈ ਸੀ। ਉਨ੍ਹਾਂ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੂੰ ਜ਼ਿਲ੍ਹੇ ਅੰਦਰ ਹਰਿਆ ਭਰਿਆ ਮਾਹੋਲ ਸਿਰਜਣ ਲਈ ਸ਼ੁਰੂ ਕੀਤੀ ‘ਟ੍ਰੀਜ਼ ਫਾਰ ਗੰਨ” ਮੁਹਿੰਮ ਨੂੰ ਜ਼ਿਲ੍ਹਾ ਲੁਿਧਆਣਾ ਅੰਦਰ ਬਾਖੂਬੀ ਢੰਗ ਨਾਲ ਚਲਾਉਣ ਦਾ ਭਰੋਸਾ ਵੀ ਦਿਵਾਇਆ।
ਇਸ ਮੌਕੇ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਬੈਂਸ, ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਸ਼ਾਮਲ ਸਨ।