Friday, November 15, 2024
ਖੇਡਾਂ

ਕੇਸਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਨੇ ਪਾਈਆਂ ਅਮਿੱਟ ਪੈੜਾਂ

ਮੋਹਾਲੀ ਦੇ ਹਾਕੀ ਸਟੇਡੀਅਮ ਵਿਖੇ ਦੂਸਰਾ ਸਿੱਖ ਕੇਸਧਾਰੀ ਖਿਡਾਰੀਆਂ ‘ਤੇ ਆਧਾਰਿਤ ਹਾਕੀ ਟੂਰਨਾਮੈਂਟ ਅਮਿੱਟ ਪੈੜਾਂ ਪਾਉਂਦਾ ਬੀਤੇ ਦਿਨੀਂ ਸਮਾਪਤ ਹੋਇਆ। ਇਸ ਟੂਰਨਾਮੈਂਟ ‘ਚ ਪੰਜਾਬ ਅਤੇ ਹਰਿਆਣਾ ਦੀਆਂ ਅੱਠ ਨਾਮੀ ਅਕੈਡਮੀਆਂ ਨੇ ਹਿੱਸਾ ਲਿਆ। ਪਹਿਲਾ ਸਿੱਖ ਕੇਸਧਾਰੀ ਹਾਕੀ ਟੂਰਨਾਮੈਂਟ ਪਿਛਲੇ ਸਾਲ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਕਰਵਾਇਆ ਗਿਆ ਸੀ। ਇਸ ਟੂਰਨਾਮੈਂਟ ਵਿਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਹਰਿਆਣਾ ਨੂੰ 6-3 ਨਾਲ ਹਰਾ ਕੇ ਗੋਲਡ ਕੱਪ ਜਿੱਤਿਆ, ਜਦਕਿ ਫਾਈਨਲ ਤੋਂ ਪਹਿਲਾਂ ਖਡੂਰ ਸਾਹਿਬ ਅਕੈਡਮੀ ਨੇ ਪੀਆਈਐੱਸ ਹਾਕੀ ਸੈਂਟਰ ਲੁਧਿਆਣਾ ਨੂੰ 8-4 ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਚੈਂਪੀਅਨ ਟੀਮ ਸੁਰਜੀਤ ਹਾਕੀ ਅਕੈਡਮੀ ਨੂੰ ਪ੍ਰਬੰਧਕਾਂ ਵੱਲੋਂ ਗੋਲਡ ਕੱਪ ਟ੍ਰਾਫੀ ਤੋਂ ਇਲਾਵਾ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ। ਉਪ ਜੇਤੂ ਟੀਮ ਨੂੰ 51 ਹਜ਼ਾਰ ਰੁਪਏ, ਤੀਸਰੇ ਸਥਾਨ ਵਾਲੀ ਟੀਮ ਨੂੰ 21 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦਾ ਮੁੱਖ ਮਕਸਦ ਕੌਮੀ ਖੇਡ ਹਾਕੀ ਤੇ ਸਿੱਖੀ ਨੂੰ ਬੜ੍ਹਾਵਾ ਦੇਣਾ ਹੈ ਕਿਉਂਕਿ ਕੋਈ ਸਮਾਂ ਸੀ ਜਦ ਭਾਰਤੀ ਟੀਮ ਦੇ 11 ਖਿਡਾਰੀਆਂ ਵਿਚੋਂ 9-10 ਜੂੜਿਆਂ ਵਾਲੇ ਸਿੱਖ ਖਿਡਾਰੀ ਖੇਡਦੇ ਸਨ। ਜਦੋਂ ਭਾਰਤੀ ਟੀਮ ਜਿੱਤਦੀ ਸੀ ਤਾਂ ਸਿੱਖ ਕੌਮ ਦੀ ਪਛਾਣ ਪੂਰੀ ਦੁਨੀਆ ‘ਚ ਕਾਇਮ ਹੁੰਦੀ ਸੀ। ਭਾਵੇਂ ਅੱਜ ਵੀ ਸਿੱਖ ਖਿਡਾਰੀ ਭਾਰਤੀ ਟੀਮ ‘ਚ ਖੇਡਦੇ ਹਨ ਪਰ ਉਨ੍ਹਾਂ ਦੀ ਗਿਣਤੀ ਕਾਫ਼ੀ ਘੱਟ ਹੁੰਦੀ ਹੈ। ਇਸ ਕਰਕੇ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਨੇ ਸਿੱਖ ਖਿਡਾਰੀਆਂ ਨੂੰ ਹਾਕੀ ਵੱਲ ਪ੍ਰੇਰਿਤ ਕਰਨ ਤੇ ਸਿੱਖੀ ਨਾਲ ਜੋੜਨ ਦੇ ਇਰਾਦੇ ਨੂੰ ਲੈ ਕੇ ਇਹ ਉਪਰਾਲਾ ਸ਼ੁਰੂ ਕੀਤਾ ਹੈ। ਇਸ ਟੂਕਨਾਮੈਂਟ ਦਾ ਨਾਂ ‘ਕੇਸਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ’ ਰੱਖਿਆ ਗਿਆ ਹੈ।

ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਮੌਕੇ ਰਾਜ ਸਭਾ ਮੈਂਬਰ ਤੇ ਸਾਬਕਾ ਖੇਡ ਮੰਤਰੀ ਸੁਖਦੇਵ ਸਿੰਘ ਢੀਂਡਸਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਨੇ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਤੇ ਆਪਣੇ ਅਖਤਿਆਰੀ ਕੋਟੇ ‘ਚੋਂ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਖੇਡਾਂ ਅਤੇ ਸਮਾਜ ਦੇ ਵੱਖ-ਵੱਖ ਖੇਤਰਾਂ ‘ਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ, ਪਦਮਸ਼੍ਰੀ ਪਹਿਲਵਾਨ ਕਰਤਾਰ ਸਿੰਘ, ਅਕਾਲੀ ਆਗੂ ਨਿਧੜਕ ਸਿੰਘ ਬਰਾੜ ਵੀ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।

Share the News