ਕੁਆਰਟਰ ਫਾਈਨਲ ‘ਚ ਪੁੱਜੀ ਸਿੰਧੂ, ਤਿੰਨ ਮੈਚ ਟਲੇ
ਗੁਹਾਟੀ : ਓਲੰਪਿਕ ਦੀ ਸਿਲਵਰ ਮੈਡਲ ਜੇਤੂ ਪੀਵੀ ਸਿੰਧੂ ਨੇ ਵੀਰਵਾਰ ਨੂੰ ਸਿੱਧੇ ਗੇਮ ‘ਚ ਜਿੱਤ ਦਰਜ ਕਰਕੇ 83ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ‘ਚ ਐਂਟਰੀ ਕੀਤੀ, ਪਰ ਸਾਈਨਾ ਨੇਹਵਾਲ ਨੇ ਕੋਰਟ ਦੀ ਪਰਤ ਅਸਮਾਨ ਹੋਣ ਕਾਰਨ ਖੇਡਣ ਤੋਂ ਇਨਕਾਰ ਕਰ ਦਿੱਤਾ, ਜਿਸ ਮਗਰੋਂ ਤਿੰਨ ਮੈਚਾਂ ਦਾ ਪ੍ਰੋਗਰਾਮ ਨਵੇਂ ਸਿਰੇ ਤੋਂ ਤੈਅ ਕੀਤਾ ਗਿਆ।
ਸਾਬਕਾ ਚੈਂਪੀਅਨ ਤੇ ਟਾਪ ਸੀਨੀਆਰਤਾ ਸਿੰਧੂ ਨੇ ਦੱਖਣੀ ਏਸ਼ੀਅਨ ਅੰਡਰ-21 ਚੈਂਪੀਅਨਸ਼ਿਪ ਦੀ ਗੋਲਡ ਮੈਡਲ ਜੇਤੂ ਨਾਗਪੁਰ ਦੀ ਮਾਲਵਿਕਾ ਬਾਸੋਂਦ ਨੂੰ 21-11, 21-13 ਨਾਲ ਹਰਾਇਆ, ਜਦਕਿ ਪੁਰਸ਼ ਵਰਗ ‘ਚ ਸਮੀਰ ਵਰਮਾ ਨੂੰ ਆਰੀਆਮਨ ਟੰਡਨ ਖ਼ਿਲਾਫ਼ ਵਿਚ ਮੁਕਾਬਲੇ ਅੱਡੀ ਦੀ ਸੱਟ ਕਾਰਨ ਹੱਟਣਾ ਪਿਆ। ਉਦੋਂ ਮੈਚ ਦਾ ਸਕੋਰ 21-16, 1-8 ਸੀ।
ਸਾਈਨਾ ਦੀ ਨਾਂਹ : ਓਲੰਪਿਕ ਮੈਡਲ ਜੇਤੂ ਸਾਈਨਾ ਦਾ ਪ੍ਰੀ-ਕੁਆਰਟਰ ਫਾਈਨਲ ‘ਚ ਮੁਕਾਬਲਾ ਸ਼ਰੂਤੀ ਮੁੰਡਾਨਾ ਨਾਲ ਸੀ, ਪਰ ਉਨ੍ਹਾਂ ਕੋਰਟ ਦਾ ਨਿਰੀਖਣ ਕਰਨ ਮਗਰੋਂ ਤੁਰੰਤ ਹੀ ਸਾਫ ਕਰ ਦਿੱਤਾ ਕਿ ਆਲ ਇੰਗਲੈਂਡ ਚੈਂਪੀਅਨਸ਼ਿਪ ਨੇੜੇ ਹੈ ਤੇ ਉਹ ਇਸ ਅਸਮਾਨ ਪਰਤ ਵਾਲੇ ਕੋਰਟ ‘ਤੇ ਖੇਡ ਕੇ ਜੋਖਮ ਨਹੀਂ ਚੁੱਕਣਾ ਚਾਹੁੰਦੀ ਹੈ। ਇਸ ਮਗਰੋਂ ਭਾਰਤੀ ਬੈਡਮਿੰਟਨ ਸੰਘ ਦੇ ਸਕੱਤਰ (ਮੁਕਾਬਲਾ) ਉਮਰ ਰਾਸ਼ਿਦ ਨੇ ਸਾਈਨਾ, ਪੀ ਕਸ਼ਿਅਪ ਤੇ ਬੀ ਸਾਈ ਪ੍ਣੀਤ ਨਾਲ ਜੁੜੇ ਤਿੰਨ ਮੈਚਾਂ ਨੂੰ ਮੁਲਤਵੀ ਕਰ ਦਿੱਤਾ। ਸਾਈਨਾ ਦੇ ਪਤੀ ਤੇ ਸਾਥੀ ਖਿਡਾਰੀ ਕਸ਼ਿਅਪ ਨੇ ਕਿਹਾ ਕਿ ਸਿੰਧੂ ਦੇ ਮੈਚ ਖੇਡਣ ਮਗਰੋਂ ਦੋ ਥਾਵਾਂ ‘ਤੇ ਲੱਕੜੀ ਦੀਆਂ ਤਖ਼ਤੀਆਂ ਬਾਹਰ ਨਿਕਲ ਆਈਆਂ, ਉਹ ਹੁਣ ਉਸ ਨੂੰ ਠੀਕ ਕਰ ਰਹੇ ਹਨ।
ਪਿਛਲੇ ਸਾਲ ਵਾਂਗ ਇਸ ਵਾਰ ਵੀ ਵਿਸ਼ਵ ਤੇ ਘਰੇਲੂ ਰੈਂਕਿੰਗ ਦੇ ਟਾਪ ਅੱਠ ਖਿਡਾਰੀਆਂ ਨੂੰ ਬੁੱਧਵਾਰ ਰਾਤ ਸੁਪਰ ਡਰਾਅ ਮਗਰੋਂ ਸਿੱਧੇ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ‘ਚ ਥਾਂ ਦਿੱਤੀ ਗਈ ਹੈ। ਸਿੰਧੂ ਤੋਂ ਇਲਾਵਾ ਚੌਥੀ ਸੀਨੀਆਰਤਾ ਅਸਮਿਤਾ ਚਾਲਿਹਾ, ਤੀਜੀ ਸੀਨੀਆਰਤਾ ਸ਼੍ਰੇਆਂਸ਼ੀ ਪਰਦੇਸ਼ੀ, ਰੀਆ ਮੁਖਰਜੀ, ਆਕਰਸ਼ੀ ਕਸ਼ਿਅਪ, ਨੇਹਾ ਪੰਡਤ ਤੇ ਵੈਸ਼ਣਵੀ ਭਾਲੇ ਨੇ ਵੀ ਅੰਤਿਮ-18 ‘ਚ ਐਂਟਰੀ ਕੀਤੀ। ਪੁਰਸ਼ ਸਿੰਗਲਜ਼ ‘ਚ ਸਾਬਕਾ ਚੈਂਪੀਅਨ ਸੌਰਭ ਵਰਮਾ, ਲਕਸ਼ੇ ਸੇਨ, ਕੌਸ਼ਲ ਧਰਮਾਮਰ, ਹਰਸ਼ਿਲ ਦਾਨੀ, ਆਰੀਆਮਨ ਟੰਡਨ ਤੇ ਬੋਧਿਤ ਜੋਸ਼ੀ ਕੁਆਰਰ ਫਾਈਨਲ ‘ਚ ਪੁੱਜ ਗਏ ਹਨ। ਸੌਰਭ ਨੇ ਕਾਰਤਿਕ ਜਿੰਦਲ ਨੂੰ 21-8, 21-15 ਨਾਲ, ਲਕਸ਼ੇ ਨੇ ਅੰਸਲ ਯਾਦਵ ਨੂੰ 21-11, 21-8 ਤੇ ਹਰਸ਼ਿਲ ਨੇ ਚੌਥੀ ਸੀਨੀਆਰਤਾ ਤੇ 2018 ਸਾਰਲੋਰਲਕਸ ਓਪਨ ਚੈਂਪੀਅਨ ਸ਼ੁਭੰਕਰ ਡੇ ਨੂੰ 21-15, 21-17 ਨਾਲ ਹਰਾਇਆ। ਪੁਰਸ਼ ਡਬਲਜ਼ ‘ਚ ਅਰਜੁਨ ਐੱਮਆਰ ਤੇ ਸ਼ਲੋਕ ਰਾਮਚੰਦਰਨ ਦੀ ਟਾਪ ਸੀਨੀਆਰਤਾ ਪ੍ਰਾਪਤ ਜੋੜੀ ਨੇ ਰੋਹਨ ਕਪੂਰ ਤੇ ਸੌਰਭ ਸ਼ਰਮਾ ਨੂੰ 21-11, 21-18 ਨਾਲ ਹਰਾ ਕੇ ਸੈਮੀਫਾਈਨਲ ‘ਚ ਐਂਟਰੀ ਕੀਤੀ। ਪ੍ਣਵ ਜੇਰੀ ਚੋਪੜਾ ਤੇ ਚਿਰਾਗ ਸ਼ੈੱਟੀ ਨੇ ਰੂਪੇਸ਼ ਕੁਮਾਰ ਤੇ ਵੀ ਦੀਜੂ ਦੀ ਜੋੜੀ ਨੂੰ ਕੜੇ ਮੁਕਾਬਲੇ ‘ਚ 21-8, 18-21, 22-20 ਨਾਲ ਹਰਾਇਆ।