ਇਨ੍ਹੇ ਸਾਲ ਬਾਅਦ ਵੀ ਕਿਊ ਨਹੀਂ ਹੈ ਇਸ ਕਮਿਸ਼ਨਰ ਦਾ ਦਫ਼ਤਰ ……
ਇਨ੍ਹੇ ਸਾਲ ਬਾਅਦ ਵੀ ਕਿਊ ਨਹੀਂ ਹੈ ਇਸ ਕਮਿਸ਼ਨਰ ਦਾ ਦਫ਼ਤਰ ……
ਨਵਾਂਸ਼ਹਿਰ ( ਸੁਖਵਿੰਦਰ ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਣੇ ਨੂੰ 22 ਸਾਲਾਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜ਼ਿਲੇ੍ਹ ਅੰਦਰ ਸਹਾਇਕ ਕਿਰਤ ਕਮਿਸ਼ਨਰ ਦਾ ਦਫ਼ਤਰ ਨਾ ਹੋਣ ਕਰਕੇ ਜ਼ਿਲੇ੍ਹ ਭਰ ਦੇ ਕਿਰਤੀ ਮਜ਼ਦੂਰਾਂ ਨੂੰ ਅੱਜ ਵੀ ਖ਼ੱਜਲ਼-ਖ਼ੁਆਰ ਹੋਣ ਪੈ ਰਿਹਾ ਹੈ | ਇਸ ਸਬੰਧੀ ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਕਲੱਬ ਸਹੂੰਗੜ੍ਹਾ ਦੇ ਪ੍ਰਧਾਨ ਸਤਨਾਮ ਸਿੰਘ ਸਹੂੰਗੜ੍ਹਾ ਨੇ ਸਾਥੀਆਂ ਸਮੇਤ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਨਾਂਅ ‘ਤੇ ਮੰਗ ਪੱਤਰ ਦੇਣ ਸਮੇਂ ਇਹ ਪ੍ਰਗਟਾਵਾ ਕੀਤਾ |
ਸਤਨਾਮ ਸਿੰਘ ਸਹੂੰਗੜਾ ਤੇ ਹਰਨੇਕ ਸਿੰਘ ਖੇਲਾ ਨੇ ਵਿਧਾਇਕ ਦੇ ਨਾਂਅ ਤੇ ਚੌਧਰੀ ਅਜੈ ਮੰਗੂਪੁਰ ਨੂੰ ਮੰਗ ਪੱਤਰ ਦੇਣ ਸਮੇਂ ਆਖਿਆ ਕਿ ਤਹਿਸੀਲ ਬਲਾਚੌਰ ਦੇ ਕਿਰਤੀ ਮਜ਼ਦੂਰਾਂ ਨੂੰ ਅੱਜ ਵੀ ਛੋਟੇ-ਛੋਟੇ ਕੰਮਾਂ ਲਈ ਰੋਜ਼ਾਨਾ ਦੀ ਦਿਹਾੜੀ ਛੱਡ ਕੇ ਹੁਸ਼ਿਆਰਪੁਰ ਤਹਿਸੀਲ ਨਵਾਂਸ਼ਹਿਰ ਤੇ ਬੰਗਾ ਦੇ ਕਿਰਤੀ ਮਜ਼ਦੂਰਾਂ ਨੂੰ ਜਲੰਧਰ ਜਾਣਾ ਪੈਂਦਾ ਹੈ |
ਉਨ੍ਹਾਂ ਮੰਗ ਕੀਤੀ ਹੈ ਕਿ ਜ਼ਿਲੇ੍ਹ ਅੰਦਰ ਬਿਨਾ ਕਿਸੇ ਦੇਰੀ ਦੇ ਸਹਾਇਕ ਕਿਰਤ ਕਮਿਸ਼ਨਰ ਦਾ ਦਫ਼ਤਰ ਖੁਲ੍ਹਵਾਇਆ ਜਾਵੇ ਤਾਂ ਜੋ ਕਿਰਤੀ ਮਜ਼ਦੂਰਾਂ ਨੂੰ ਮਹਿੰਗਾਈ ਭਰੇ ਸਮੇਂ ਅੰਦਰ ਹੋਰ ਤੰਗ-ਪ੍ਰੇਸ਼ਾਨ ਨਾ ਹੋਣਾ ਪਵੇ | ਮੰਗ ਪੱਤਰ ਦੇਣ ਵਾਲਿਆਂ ਵਿਚ ਬਲਵਿੰਦਰ ਕੌਰ ਸੰਮਤੀ ਮੈਂਬਰ, ਜਸਵਿੰਦਰ ਕੁਮਾਰ, ਹਰਕੀਰਤ ਸਿੰਘ, ਸਰਬਜੀਤ ਕੁਮਾਰ, ਬਗ਼ੀਚਾ ਸਿੰਘ, ਜਗਤਾਰ ਸਿੰਘ, ਜਸਵਿੰਦਰ ਕੌਰ ਸਾਬਕਾ ਸਰਪੰਚ, ਹਰਭਜਨ ਸਿੰਘ ਡਾਕਟਰ, ਭੁਪਿੰਦਰ ਕੋਰ ਆਦਿ ਵੀ ਹਾਜ਼ਰ ਸਨ