• Friday, 12 June 2026
Advertisement Advertisement
ਤੇਜ਼ ਹਨੇਰੀ ਤੂਫਾਨ ਤੇ ਮੀਂਹ ਪੈਣ ਦਾ ਖ਼ਦਸ਼ਾ

12 Jun 2026

ਤੇਜ਼ ਹਨੇਰੀ ਤੂਫਾਨ ਤੇ ਮੀਂਹ ਪੈਣ ਦਾ ਖ਼ਦਸ਼ਾ

ਚੰਡੀਗੜ੍ਹ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਬੀਤੀ ਸ਼ਾਮ ਤੇਜ਼ ਹਨੇਰੀ ਨਾਲ ਮੀਂਹ ਪਿਆ ਹੈ, ਜਿਸ ਕਾਰਨ ਮੌਸਮ 'ਚ ਕੁਝ ਤਬਦੀਲੀ ਵੀ ਆਈ ਹੈ।

ਮੀਂਹ ਤੇ ਝੱਖੜ ਦੀ ਚਿਤਾਵਨੀ

ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ, ਤੇਜ਼ ਹਵਾਵਾਂ ਅਤੇ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਉਥੇ ਹੀ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਵੀ ਮੌਸਮ ਬਦਲ ਗਿਆ ਹੈ। ਅੱਜ ਸੂਬੇ 'ਚ ਮੀਂਹ, ਗੜੇਮਾਰੀ ਅਤੇ ਗਰਜ-ਤੂਫ਼ਾਨ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਵਾ ਦੀ ਗਤੀ 60-70 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ।

    ਤਾਪਮਾਨ 'ਚ ਆਈ ਗਿਰਾਵਟ

    ਵੀਰਵਾਰ ਨੂੰ ਰੁਕ-ਰੁਕ ਕੇ ਮੀਂਹ, ਗੜੇਮਾਰੀ ਅਤੇ ਗਰਜ-ਤੂਫ਼ਾਨ ਕਾਰਨ ਤਾਪਮਾਨ 3.8 ਡਿਗਰੀ ਘੱਟ ਗਿਆ। ਹੁਣ ਇਹ ਆਮ ਨਾਲੋਂ 2.1 ਡਿਗਰੀ ਘੱਟ ਹੈ। ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਵਿੱਚ ਸਭ ਤੋਂ ਵੱਧ ਤਾਪਮਾਨ 42 ਡਿਗਰੀ ਦਰਜ ਕੀਤਾ ਗਿਆ। ਜਦਕਿ ਕਈ ਥਾਵਾਂ 'ਤੇ ਤਾਪਮਾਨ 40 ਡਿਗਰੀ ਤੋਂ ਹੇਠਾਂ ਵੀ ਦਰਜ ਕੀਤਾ ਗਿਆ। ਉਥੇ ਹੀ ਰੂਪਨਗਰ 'ਚ ਵੱਧ ਤੋਂ ਵੱਧ ਤਾਪਮਾਨ 34.5 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 4 ਤੋਂ 6 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਉਮੀਦ ਹੈ। ਇਸ ਤੋਂ ਬਾਅਦ ਅਗਲੇ ਤਿੰਨ ਦਿਨਾਂ ਵਿੱਚ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਵੱਧ ਸਕਦਾ ਹੈ। 17 ਜੂਨ ਤੱਕ ਇਸੇ ਤਰ੍ਹਾਂ ਦੇ ਮੌਸਮ ਦੇ ਹਾਲਾਤ ਬਣੇ ਰਹਿਣਗੇ। ਮੌਨਸੂਨ ਇਸ ਸਮੇਂ ਅੱਗੇ ਵਧ ਰਿਹਾ ਹੈ

     

    17 ਜੂਨ ਤੱਕ ਰਹੇਗਾ ਅਜਿਹਾ ਮੌਸਮ

    ਸੂਬੇ 'ਚ ਅਜਿਹਾ ਮੌਸਮ 17 ਜੂਨ ਤੱਕ ਬਣਿਆ ਰਹੇਗਾ, ਜਿਸ ਨਾਲ ਗਰਮੀ ਦੀ ਲਹਿਰ ਤੋਂ ਰਾਹਤ ਮਿਲੇਗੀ। ਲੋਕਾਂ ਨੂੰ ਇਸ ਖਰਾਬ ਮੌਸਮ ਦੌਰਾਨ ਖੁੱਲ੍ਹੇ ਮੈਦਾਨਾਂ, ਰੁੱਖਾਂ ਅਤੇ ਬਿਜਲੀ ਦੇ ਖੰਭਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ ਸੂਬੇ ਭਰ ਵਿੱਚ ਮੀਂਹ ਅਤੇ ਗਰਜ-ਤੂਫ਼ਾਨ ਦੀ ਸੰਭਾਵਨਾ ਹੈ। ਛੇ ਜ਼ਿਲ੍ਹਿਆਂ ਵਿੱਚ ਗੜੇਮਾਰੀ ਦੀ ਸੰਭਾਵਨਾ ਹੈ, ਜਿਸ 'ਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਸ਼ਾਮਲ ਹਨ। ਇਸ ਸਮੇਂ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਵੀ ਉਮੀਦ ਹੈ।

    ਅੰਮ੍ਰਿਤਸਰ 'ਚ ਮੌਸਮ ਬਦਲਣ ਨਾਲ ਇੱਕ ਮੌਤ

    ਉਥੇ ਹੀ ਬੀਤੀ ਰਾਤ ਵੀਰਵਾਰ ਨੂੰ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਲੱਗਭੱਗ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਆਏ ਤੂਫ਼ਾਨ ਕਾਰਨ ਦੋ ਬਾਈਕ ਸਵਾਰ ਕਾਬੂ ਗੁਆ ਬੈਠੇ ਅਤੇ ਸੜਕ 'ਤੇ ਡਿੱਗ ਪਏ। ਇਸ ਦੇ ਨਾਲ ਹੀ ਕੰਧ ਡਿੱਗਣ ਨਾਲ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਅੰਮ੍ਰਿਤਸਰ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ 'ਤੇ ਕਈ ਦਰੱਖਤ ਡਿੱਗ ਗਏ, ਜਿਸ ਕਾਰਨ ਯਾਤਰੀਆਂ ਨੂੰ ਲੰਬੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ।

    ਦਿੱਲੀ-ਐਨਸੀਆਰ ਦਾ ਮੌਸਮ

    ਵੀਰਵਾਰ ਰਾਤ ਨੂੰ ਦਿੱਲੀ ਵਿੱਚ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਅਤੇ ਇਸ ਦੇ ਪ੍ਰਭਾਵ ਸ਼ੁੱਕਰਵਾਰ ਸਵੇਰੇ ਵੀ ਮਹਿਸੂਸ ਕੀਤੇ ਗਏ। ਸ਼ੁੱਕਰਵਾਰ ਸਵੇਰੇ ਦਿੱਲੀ ਵਿੱਚ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਲੱਗਭੱਗ 3-4 ਡਿਗਰੀ ਸੈਲਸੀਅਸ ਘੱਟ ਹੈ। ਭਾਰਤ ਮੌਸਮ ਵਿਭਾਗ ਨੇ ਸ਼ੁੱਕਰਵਾਰ ਲਈ ਵੀ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਗਰਜ-ਤੂਫ਼ਾਨ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 38.7 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਸ਼ੁੱਕਰਵਾਰ ਲਈ ਮੌਸਮ ਵਿਭਾਗ ਨੇ ਵੱਧ ਤੋਂ ਵੱਧ ਤਾਪਮਾਨ 34-36 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 23-25 ​​ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਸਮੇਂ ਦੌਰਾਨ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ, ਜਿਸ ਨਾਲ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।

    Published on: 12 Jun 2026

    Amandeep Mehra
    📣 Share this post

    Latest News