ਫਾਜ਼ਿਲਕਾ,ਲੋਕਬਾਣੀ--ਇਸ ਸ਼ਹਿਰ ਦੀ ਵੱਡੀ ਖ਼ਬਰ ਫਾਜ਼ਿਲਕਾ ਤੋਂ ਭਾਜਪਾ (BJP) ਕੌਂਸਲਰ ਸਮੇਤ 4 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. (FIR) ਦਰਜ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ, ਫਾਜ਼ਿਲਕਾ ਵਿੱਚ ਆਮ ਆਦਮੀ ਪਾਰਟੀ ਦੀ ਮਹਿਲਾ ਕੋਆਰਡੀਨੇਟਰ ਨਾਲ ਕੁੱਟਮਾਰ ਕਰਨ ਦੇ ਸੰਗੀਨ ਇਲਜ਼ਾਮ ਲੱਗੇ ਹਨ। ਇਸ ਕੁੱਟਮਾਰ ਦੇ ਮਾਮਲੇ ਵਿੱਚ ਸਿਟੀ ਥਾਣਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਭਾਜਪਾ ਦੇ ਵਾਰਡ ਨੰਬਰ 9 ਦੇ ਕੌਂਸਲਰ ਸਮੇਤ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਪਰਮਜੀਤ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਰਾਧਾ ਸੁਆਮੀ ਕਲੋਨੀ, ਫਾਜ਼ਿਲਕਾ ਦੀ ਰਹਿਣ ਵਾਲੀ ਮੰਜੂ ਰਾਣੀ ਦੀ ਸ਼ਿਕਾਇਤ ‘ਤੇ ਇਹ ਮਾਮਲਾ ਦਰਜ ਕੀਤਾ ਹੈ। ਮਹਿਲਾ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿੱਚ ਹਾਲ ਹੀ ਦੌਰਾਨ ਨਗਰ ਕੌਂਸਲ ਚੋਣਾਂ ਜਿੱਤਣ ਵਾਲੇ ਭਾਜਪਾ ਕੌਂਸਲਰ ਸੁਰੇਸ਼ ਕੁਮਾਰ ਵੱਲੋਂ ‘ਮੁੱਖ ਮੰਤਰੀ ਮਾਂ-ਧੀ ਸਤਕਾਰ ਯੋਜਨਾ’ ਦੇ ਫਾਰਮ ਪੈਸੇ ਲੈ ਕੇ ਭਰੇ ਜਾ ਰਹੇ ਸਨ। ਮਹਿਲਾ ਅਨੁਸਾਰ, ਜਦੋਂ ਉਸ ਨੂੰ ਇਸ ਗੱਲ ਦੀ ਸੂਚਨਾ ਮਿਲੀ ਤਾਂ ਉਹ ਆਪਣੇ ਭਰਾ ਨਾਲ ਕੌਂਸਲਰ ਦੇ ਦਫ਼ਤਰ ਪਹੁੰਚ ਗਈ।
ਇਸ ਦੌਰਾਨ ਜਿਵੇਂ ਹੀ ਉਸ ਨੇ ਫਾਰਮ ਭਰਨ ਬਾਰੇ ਸਵਾਲ ਕੀਤਾ ਅਤੇ ਵੀਡੀਓ ਬਣਾਉਣੀ ਸ਼ੁਰੂ ਕੀਤੀ, ਤਾਂ ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਕੁੱਟਮਾਰ ਵਿੱਚ ਮਹਿਲਾ ਮੰਜੂ ਰਾਣੀ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰਮਨ ਕੁਮਾਰ ਪੁੱਤਰ ਸੁਰੇਸ਼ ਕੁਮਾਰ, ਸੁਰੇਸ਼ ਕੁਮਾਰ ਪੁੱਤਰ ਕੁੰਦਨ ਲਾਲ, ਸਾਜਨ ਪੁੱਤਰ ਪੱਪੂ (ਸਾਰੇ ਨਿਵਾਸੀ ਰਾਧਾ ਸੁਆਮੀ ਕਲੋਨੀ, ਫਾਜ਼ਿਲਕਾ) ਅਤੇ ਇੱਕ ਅਣਪਛਾਤੀ ਮਹਿਲਾ ਖ਼ਿਲਾਫ਼ FIR ਦਰਜ ਕੀਤੀ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਨਿਰੰਤਰ ਜਾਰੀ ਹੈ ਅਤੇ ਜਾਂਚ ਤੋਂ ਬਾਅਦ ਹੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
