• Thursday, 23 April 2026
Advertisement Advertisement
ਪੰਜਾਬ ਲਗਾਤਾਰ ਡੁੱਬ ਰਿਹਾ ਕਰਜੇ ਵਿੱਚ ਪਰ ਮਾਨ ਸਰਕਾਰ ਜਾ ਰਹੀ ਟੂਰ ਤੇ, ਲਗਭਗ ਪੰਜ ਲੱਖ ਕਰੋੜ ਦੇ ਕਰਜ਼ੇ ਦਾ ਕਰਜਾਈ ਪੰਜਾਬ

23 Apr 2026

ਪੰਜਾਬ ਲਗਾਤਾਰ ਡੁੱਬ ਰਿਹਾ ਕਰਜੇ ਵਿੱਚ ਪਰ ਮਾਨ ਸਰਕਾਰ ਜਾ ਰਹੀ ਟੂਰ ਤੇ, ਲਗਭਗ ਪੰਜ ਲੱਖ ਕਰੋੜ ਦੇ ਕਰਜ਼ੇ ਦਾ ਕਰਜਾਈ ਪੰਜਾਬ

ਚੰਡੀਗੜ੍ਹ/ਲੋਕ ਬਾਣੀ 

ਪੰਜਾਬ ਸਰਕਾਰ ਵੱਲੋਂ ਲਗਾਤਾਰ ਲਏ ਜਾ ਰਹੇ ਕਰਜ਼ਿਆਂ ਨੂੰ ਲੈ ਕੇ ਸੂਬੇ ਵਿੱਚ ਸਿਆਸੀ ਤਕਰਾਰ ਤੇਜ਼ ਹੋ ਗਈ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਸਰਕਾਰ ਦੀ ਆਰਥਿਕ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਚੁੱਕਦਿਆਂ ਦੋਸ਼ ਲਾਇਆ ਹੈ ਕਿ ਮਾਨ ਸਰਕਾਰ ਸੂਬੇ ਨੂੰ ਵਿੱਤੀ ਸੰਕਟ ਵੱਲ ਧੱਕ ਰਹੀ ਹੈ।ਬਲੀਏਵਾਲ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸਰਕਾਰ ਕਰਜ਼ੇ ‘ਤੇ ਨਿਰਭਰ ਹੋ ਚੁੱਕੀ ਹੈ। ਹਾਲ ਹੀ ਵਿੱਚ ਸਰਕਾਰ ਵੱਲੋਂ 1300 ਕਰੋੜ ਰੁਪਏ ਦਾ ਨਵਾਂ ਕਰਜ਼ ਲਿਆ ਗਿਆ ਹੈ।ਇਸ ਮਹੀਨੇ 2 ਅਪ੍ਰੈਲ ਨੂੰ ਵੀ 1500 ਕਰੋੜ ਰੁਪਏ ਲਏ ਗਏ ਸਨ, ਜਿਸ ਨਾਲ ਪਿਛਲੇ 20 ਦਿਨਾਂ ਦੀ ਕੁੱਲ ਉਧਾਰੀ 2800 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਬਲੀਏਵਾਲ ਅਨੁਸਾਰ, ਮਾਨ ਸਰਕਾਰ ਲਗਭਗ 140 ਕਰੋੜ ਰੁਪਏ ਪ੍ਰਤੀ ਦਿਨ ਦੇ ਕਰਜ਼ੇ ‘ਤੇ ਚੱਲ ਰਹੀ ਹੈ।ਭਾਜਪਾ ਆਗੂ ਨੇ ਦੋਸ਼ ਲਗਾਇਆ ਕਿ ਇਹ ਕਰਜ਼ਾ ਸੂਬੇ ਦੇ ਵਿਕਾਸ ਕਾਰਜਾਂ ਲਈ ਨਹੀਂ, ਸਗੋਂ ਸਰਕਾਰ ਦੇ ਆਲੀਸ਼ਾਨ ਖਰਚਿਆਂ ਅਤੇ ਰੋਜ਼ਾਨਾ ਦੇ ਕੰਮਕਾਜ ਲਈ ਵਰਤਿਆ ਜਾ ਰਿਹਾ ਹੈ।ਉਨ੍ਹਾਂ ਇਨ੍ਹਾਂ ਖਰਚਿਆਂ ਦੀ ਸੂਚੀ ਵਿੱਚ ਸਰਕਾਰੀ ਦੌਰੇ ਅਤੇ ਜਹਾਜ਼ੀ ਯਾਤਰਾਵਾਂ, ਪੰਜ ਤਾਰਾ ਹੋਟਲਾਂ ਦੇ ਖਰਚੇ ਅਤੇ ਸਰਕਾਰੀ ਕੋਠੀਆਂ ਦੀ ਸਾਂਭ-ਸੰਭਾਲ, ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ, ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਹੋਰ ਪ੍ਰਸ਼ਾਸਕੀ ਲੋੜਾਂ ਸ਼ਾਮਲ ਕੀਤੇ ਹਨ।ਬਲੀਏਵਾਲ ਨੇ ਚਿੰਤਾ ਪ੍ਰਗਟਾਈ ਕਿ ਪੰਜਾਬ ਸਿਰ ਕੁੱਲ ਕਰਜ਼ੇ ਦੀ ਪੰਡ ਹੁਣ ਲਗਭਗ ਪੰਜ ਲੱਖ ਕਰੋੜ ਰੁਪਏ ਦੇ ਨੇੜੇ ਪਹੁੰਚ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਰਜ਼ਾ ਲੈਣ ਦੀ ਇਹੀ ਗਤੀ ਜਾਰੀ ਰਹੀ, ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਅਜਿਹੇ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਵਿੱਚੋਂ ਨਿਕਲਣਾ ਮੁਸ਼ਕਲ ਹੋਵੇਗਾ।ਹਾਲਾਂਕਿ ਸਰਕਾਰ ਵੱਲੋਂ ਅਕਸਰ ਇਹ ਤਰਕ ਦਿੱਤਾ ਜਾਂਦਾ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਲਏ ਗਏ ਕਰਜ਼ਿਆਂ ਦਾ ਵਿਆਜ ਮੋੜਨ ਅਤੇ ਵਿਕਾਸ ਨੂੰ ਜਾਰੀ ਰੱਖਣ ਲਈ ਕਰਜ਼ਾ ਲੈਣਾ ਪੈਂਦਾ ਹੈ, ਪਰ ਵਿਰੋਧੀ ਧਿਰ ਹੁਣ ਇਨ੍ਹਾਂ ਅੰਕੜਿਆਂ ਨੂੰ ਲੈ ਕੇ ਹਮਲਾਵਰ ਰੁਖ਼ ਅਪਣਾ ਰਹੀ ਹੈ।

Published on: 23 Apr 2026

Amandeep Mehra
📣 Share this post

Latest News