• Thursday, 26 February 2026
Advertisement Advertisement
ਨਾਮੀ ਗਾਇਕ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਭਗਵੰਤ ਮਾਨ ਨੇ ਸੁਰੱਖਿਆ ਲਈ ਵਾਪਸ, ਆ ਰਹੀ ਬਦਲੇ ਦੀ ਬੋਹ

26 Feb 2026 | 22 Views

ਨਾਮੀ ਗਾਇਕ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਭਗਵੰਤ ਮਾਨ ਨੇ ਸੁਰੱਖਿਆ ਲਈ ਵਾਪਸ, ਆ ਰਹੀ ਬਦਲੇ ਦੀ ਬੋਹ

ਚੰਡੀਗੜ੍ਹ, 25 ਫਰਵਰੀ 2026/ਲੋਕ ਬਾਣੀ 

 

ਭਗਵੰਤ ਮਾਨ ਸਰਕਾਰ ਦਾ ਬਦਲਾਅ ਜਾਂ ਫਿਰ ਬਦਲਾ ਇਸ ਕਦਰ ਵੱਧ ਗਿਆ ਹੈ ਕਿ, ਹੁਣ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਮੁਲਾਕਾਤ ਕਰਨ ਵਾਲੇ ਗਾਇਕਾਂ, ਬਾਬਿਆਂ ਤੋਂ ਇਲਾਵਾ ਹੋਰ ਸਮਾਜਿਕ ਚਿੰਤਕਾਂ ਦੀਆਂ ਸੁਰੱਖਿਆਵਾਂ (Security) ਵਾਪਸ ਲਈਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਬੀਤੇ ਦਿਨ ਸਾਹਮਣੇ ਆਇਆ, ਜਦੋਂ ਪੰਜਾਬ ਦੇ ਇੱਕ ਨਾਮੀ ਪੰਜਾਬੀ ਗਾਇਕ ਅਤੇ ਅਦਾਕਾਰ ਦੇ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਮੁਲਾਕਾਤ ਕੀਤੀ ਗਈ।ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਐਕਸ਼ਨ ਲੈਂਦਿਆਂ ਹੋਇਆਂ ਉਕਤ ਪੰਜਾਬੀ ਗਾਇਕ ਅਤੇ ਅਦਾਕਾਰ ਦੀ ਸੁਰੱਖਿਆ ਹੀ ਵਾਪਸ ਲੈ ਲਈ। ਇਸ ਖਬਰ ਦੀ ਪੁਸ਼ਟੀ ਅਤੇ ਦਾਅਵਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਹੈ।ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਟਵੀਟ ਰਾਹੀਂ ਮੁੱਖ ਮੰਤਰੀ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕਦਿਆਂ ਉਨ੍ਹਾਂ ਦੀ ਤੁਲਨਾ ‘ਮਹਾਰਾਜਾ’ ਨਾਲ ਕੀਤੀ ਹੈ।

 

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਇਕ ਪ੍ਰਸਿੱਧ ਗਾਇਕ ਦੀ ਸੁਰੱਖਿਆ ਉਸ ਸਮੇਂ ਵਾਪਸ ਲੈ ਲਈ, ਜਦੋਂ ਉਸ ਨੇ ਇਕ ਸਿਆਸੀ ਆਗੂ (ਸੁਖਬੀਰ ਬਾਦਲ) ਨਾਲ ਮੁਲਾਕਾਤ ਕੀਤੀ। ਬਾਜਵਾ ਨੇ ਇਸ ਕਾਰਵਾਈ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਇਹ ਇਕ ਖ਼ਤਰਨਾਕ ਸੰਦੇਸ਼ ਦਿੰਦਾ ਹੈ ਕਿ ਪੁਲਸ ਅਤੇ ਪ੍ਰਸ਼ਾਸਨ ਸਿਰਫ਼ ਇਕ ਵਿਅਕਤੀ ਨੂੰ ਖੁਸ਼ ਕਰਨ ਲਈ ਕੰਮ ਕਰ ਰਹੇ ਹਨ।

 

ਬਾਜਵਾ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਜਿਸ ਭਗਵੰਤ ਮਾਨ ਨੇ ਪੰਜਾਬ ਵਿੱਚੋਂ ‘ਵੀ.ਆਈ.ਪੀ. ਕਲਚਰ’ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਉਹ ਹੁਣ ਖੁਦ “ਸਤੌਜ ਦੇ ਮਹਾਰਾਜਾ” ਵਾਂਗ ਵਿਵਹਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਵੇਲੇ ‘ਹਉਮੈ ਦੇ ਰਾਜ’ ਦੀ ਨਹੀਂ, ਸਗੋਂ ‘ਕਾਨੂੰਨ ਦੇ ਰਾਜ’ ਦੀ ਲੋੜ ਹੈ।

 

ਕਾਂਗਰਸੀ ਆਗੂ ਦੇ ਇਸ ਬਿਆਨ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਇਕ ਵਾਰ ਫਿਰ ਸੁਰੱਖਿਆ ਵਾਪਸ ਲੈਣ ਦੇ ਮੁੱਦੇ ‘ਤੇ ਚਰਚਾ ਛਿੜ ਗਈ ਹੈ। ਫਿਲਹਾਲ ਇਸ ਮਾਮਲੇ ‘ਤੇ ਸਰਕਾਰ ਜਾਂ ਆਮ ਆਦਮੀ ਪਾਰਟੀ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

Published on: 26 Feb 2026

Amandeep Mehra
📣 Share this post

Latest News