Friday, November 15, 2024
Breaking NewsFeaturedਗੁਰਦਾਸਪੁਰਪੰਜਾਬਮੁੱਖ ਖਬਰਾਂ

ਬੇਲਰ ਮਸ਼ੀਨ ਨਾਲ ਪਰਾਲੀ ਦੀਆਂ ਗੰਢਾਂ ਬਣਾ ਕੇ ਇਸਨੂੰ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ – ਖੇਤੀਬਾੜੀ ਵਿਭਾਗ

ਬੇਲਰ ਮਸ਼ੀਨ ਨਾਲ ਪਰਾਲੀ ਦੀਆਂ ਗੰਢਾਂ ਬਣਾ ਕੇ ਇਸਨੂੰ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ – ਖੇਤੀਬਾੜੀ ਵਿਭਾਗ

ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਦੂਸਰੇ ਤਕਨੀਕੀ ਤਰੀਕਿਆਂ ਨਾਲ ਇਸਦਾ ਨਿਪਟਾਰਾ ਕਰਨ

ਗੁਰਦਾਸਪੁਰ-ਨਵਨੀਤ ਕੁਮਾਰ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਮਸ਼ੀਨਾਂ ਦੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਨੇ ਦੱਸਿਆ ਹੈ ਕਿ ਪਰਾਲੀ ਨੂੰ ਖੇਤ ਵਿੱਚੋਂ ਇਕੱਠਾ ਕਰਨ ਲਈ ਬੇਲਰ ਮਸ਼ੀਨ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਮਸ਼ੀਨ ਖੇਤ ਵਿਚ ਖਿਲਰੀ ਪਰਾਲੀ ਨੂੰ ਇਕੱਠਾ ਕਰਕੇ ਆਇਤਾਕਾਰ ਗੰਢਾਂ ਬਣਾ ਦਿੰਦੀ ਹੈ। ਇਨਾਂ ਆਇਤਾਕਾਰ ਗੰਢਾਂ ਨੂੰ ਖੇਤ ਵਿਚੋਂ ਆਸਾਨੀ ਨਾਲ ਇਕੱਠਾ ਕੀਤਾ ਜਾ ਸਕਦਾ ਹੈ। ਪਰਾਲੀ ਦੀਆਂ ਇਹ ਗੰਢਾਂ ਬਾਲਣ ਲਈ, ਗੱਤਾ ਬਣਾਉਣ ਲਈ, ਕੰਪੋਸਟ ਤਿਆਰ ਕਰਨ, ਪਰਾਲੀ ਅਚਾਰ ਬਣਾਉਣ ਲਈ, ਬਿਜਲੀ ਪੈਦਾ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਧਿਕਾਰੀ ਗੁਰਦਾਸਪੁਰ ਡਾ. ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਬੇਲਰ ਮਸ਼ੀਨ ਕੇਵਲ ਕੱਟੇ ਹੋਏ ਪਰਾਲ (ਕੰਬਾਈਨ ਦੇ ਪਿੱਛੇ ਸੁੱਟਿਆ ਹੋਇਆ) ਹੀ ਇੱਕਠਾ ਕਰਦੀ ਹੈ, ਇਸ ਲਈ ਸਾਰੀ ਪਰਾਲੀ ਖੇਤ ਵਿੱਚੋਂ ਇੱਕਠੀ ਕਰ ਕੇ ਬਾਹਰ ਕੱਢਣ ਲਈ ਬੇਲਰ ਮਸ਼ੀਨ ਨੂੰ ਚਲਾਉਣ ਤੋਂ ਪਹਿਲਾਂ ਖੇਤ ਵਿਚ ਪਰਾਲੀ ਦੇ ਖੜੇ ਕਰਚਿਆਂ ਨੂੰ ਸਟੱਬਲ ਸੇਵਰ ਨਾਲ ਕੱਟ ਲੈਣਾ ਚਾਹੀਦਾ ਹੈ। ਬੇਲਰ ਮਸ਼ੀਨ 40-110 ਸੈਂਟੀਮੀਟਰ ਦੀ ਲੰਬਾਈ ਦੀਆਂ ਗੰਢਾਂ ਬਣਾਉਂਦੀ ਹੈ। ਗੰਢ ਦੀ ਉਚਾਈ 36 ਸੈਂਟੀਮੀਟਰ ਅਤੇ ਚੌੜਾਈ 46 ਸੈਂਟੀਮੀਟਰ ਦੀ ਹੁੰਦੀ ਹੈ। ਗੰਢਾਂ ਦਾ ਭਾਰ 15-35 ਕਿਲੋ ਤੱਕ ਦਾ ਹੁੰਦਾ ਹੈ ਜੋ ਕਿ ਗੰਢ ਦੀ ਲੰਬਾਈ ਅਤੇ ਪਰਾਲੀ ਦੀ ਸਿੱਲ ’ਤੇ ਨਿਰਭਰ ਕਰਦਾ ਹੈ। ਇਹ ਮਸ਼ੀਨ ਇੱਕ ਦਿਨ ਵਿਚ 8-10 ਏਕੜ ਦੇ ਰਕਬੇ ਦੀ ਪਰਾਲੀ ਦੀਆਂ ਗੰਢਾਂ ਬਣਾ ਦਿੰਦੀ ਹੈ।ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਇੱਕ ਹੋਰ ਰੇਕ ਮਸ਼ੀਨ ਨਾਲ ਖੇਤ ਵਿੱਚ ਕੱਟੀ ਅਤੇ ਖਿੱਲਰੀ ਪਰਾਲੀ ਦੀਆਂ ਖੇਤ ਵਿੱਚ ਕਤਾਰਾਂ ਬਣਾ ਲਈਆਂ ਜਾਂਦੀਆਂ ਹਨ। ਖਿੱਲਰੀ ਹੋਈ ਪਰਾਲੀ ਦੀਆਂ ਕਤਾਰਾਂ ਬਣਾਉਣ ਨਾਲ ਇਸ ਮਗਰੋਂ ਚੱਲਣ ਵਾਲੇ ਬੇਲਰ ਦਾ ਕੰਮ ਬਹੁਤ ਤੇਜੀ ਨਾਲ ਹੋ ਜਾਂਦਾ ਹੈ।ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਮਸ਼ੀਨਾਂ ਦੁਆਰਾ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਇਆਂ ਸਾਂਭਿਆ ਜਾ ਸਕਦਾ ਹੈ ਅਤੇ ਕਣਕ, ਆਲੂ ਅਤੇ ਸਬਜੀਆਂ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਨਾਂ ਕਿਸਾਨਾ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਸਾਂਭਣ ਦੇ ਬਹੁਤ ਸਾਰੇ ਤਰੀਕੇ ਹਨ ਜਿਨਾਂ ਵਿਚੋਂ ਕਿਸੇ ਇੱਕ ਨੂੰ ਵਰਤ ਕੇ ਅੱਗ ਲਗਾਉਣ ਦੀ ਕਾਰਵਾਈ ਤੋਂ ਬਚਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਦੇ ਨਿਪਟਾਰੇ ਦੇ ਤਕਨੀਕੀ ਹੱਲ ਲਈ ਨੇੜੇ ਦੇ ਖੇਤੀ ਦਫ਼ਤਰ ਵਿੱਚ ਵੀ ਸੰਪਰਕ ਕਰ ਸਕਦੇ ਹਨ।

Share the News

Lok Bani

you can find latest news national sports news business news international news entertainment news and local news