ਪੀਐੱਮ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕੀਤੀ ਗੱਲ, ਜਾਣਿਆਂ ਸਿਹਤ ਦਾ ਹਾਲ
ਲੁਧਿਆਣਾ-(ਅਰਜੁਨ ਸਹਿਜਪਾਲ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਕੋਵਿਡ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੀਐੱਮ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦਾ ਹਾਲ ਚਾਲ ਜਾਣਿਆ। ਬੀਤੇ ਦਿਨ ਸਾਬਕਾ ਮੁੱਖ ਮੰਤਰੀ ਆਮ ਦੀ ਤਰ੍ਹਾਂ ਆਪਣੇ ਸਰੀਰਿਕ ਟੈਸਟ ਕਰਵਾਉਣ ਦੇ ਲਈ ਲੁਧਿਆਣਾ ਦੇ ਹਸਪਤਾਲ ਹੀਰੋ ਹਾਰਟ ਇੰਸਟੀਚਿਊਟ ਪਹੁੰਚੇ ਸੀ। ਜਦੋ ਉਨ੍ਹਾਂ ਨੇ ਟੈਸਟ ਕਰਵਾਇਆ ਤਾਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਪਹਿਲੀ ਟੈਸਟ ਰਿਪੋਰਟ ‘ਚ ਕੋਰੋਨਾ ਪਾਜ਼ੀਟਿਵ ਆਈ ਸੀ ਜਦਕਿ ਦੂਜੀ ਰਿਪੋਰਟ ਦਾ ਨਤੀਜਾ ਆਉਣਾ ਬਾਕੀ ਹੈ।ਕਾਬਿਲੇਗੌਰ ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਟੈਸਟ ਕਰਵਾਉਣ ਲਈ ਡੀਐਮਸੀ ਹਸਪਤਾਲ ਲਿਆਂਦਾ ਗਿਆ ਸੀ ਤਾਂ ਇਸ ਦੌਰਾਨ ਮੀਡੀਆ ਨੂੰ ਉਨ੍ਹਾਂ ਤੋਂ ਦੂਰ ਰੱਖਿਆ ਗਿਆ। ਨਾਲ ਹੀ ਹਸਪਤਾਲ ਦੇ ਸਟਾਫ ਵੱਲੋਂ ਪੀ. ਪੀ. ਕਿੱਟਾਂ ਪਾ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀਲ੍ਹਚੇਅਰ ’ਤੇ ਬਿਠਾ ਕੇ ਅੰਦਰ ਚੈੱਕਅੱਪ ਲਈ ਲਿਜਾਇਆ ਗਿਆ। ਇਹ ਪਹਿਲਾ ਮੌਕਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਵ੍ਹੀਲਚੇਅਰ ’ਤੇ ਦੇਖਿਆ ਗਿਆ ਹੋਵੇ। ਜਾਣਕਾਰੀ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪਿਛਲੇ ਦਿਨਾਂ ਤੋਂ ਕੋਰੋਨਾ ਦੇ ਲੱਛਣ ਸਨ ਜਿਸ ਕਾਰਨ ਉਨ੍ਹਾਂ ਚੈੱਕਅੱਪ ਲਈ ਲਿਆਂਦਾ ਗਿਆ ਸੀ।ਜਿਕਰਯੋਗ ਹੈ ਕਿ ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈਕੇ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਨਾਲ ਅਤੇ ਪਾਰਟੀ ਵਰਕਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੇ ਚੈੱਕਅੱਪ ਕਰਵਾਇਆ ਜਿਸ ਚ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ।