ਇਸ ਗੁਰਦੁਆਰਾ ਸਾਹਿਬ ਨੇ ਕੋਰੋਨਾ ਦੇ ਮਰੀਜ਼ਾਂ ਲਈ ਕੀਤੀ ਇਹ ਪਹਿਲ
ਇਸ ਗੁਰਦੁਆਰਾ ਸਾਹਿਬ ਨੇ ਕੋਰੋਨਾ ਦੇ ਮਰੀਜ਼ਾਂ ਲਈ ਕੀਤੀ ਇਹ ਪਹਿਲ
ਨੌਇਡਾ ( ਲੋਕਬਾਣੀ ) ਕੋਰੋਨਾ ਵਾਇਰਸ ਦੀ ਲਾਗ ਨੇ ਦੇਸ਼ ’ਚ ਇੱਕ ਵਾਰ ਫਿਰ ਕਹਿਰ ਮਚਾ ਦਿੱਤਾ ਹੈ। ਇਸ ਵਾਰ ਕੋਰੋਨਾ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਦੇ ਰੋਗੀਆਂ ਦੀ ਵਧਦੀ ਗਿਣਤੀ ਨੂੰ ਵੇਖਦਿਆਂ ਸਰਕਾਰ ਤੋਂ ਲੈ ਕੇ ਸੰਸਥਾਵਾਂ ਤੱਕ ਇਸ ਬੀਮਾਰੀ ਤੋਂ ਬਚਾਉਣ ਲਈ ਲੋਕਾਂ ਦੀ ਮਦਦ ਕਰ ਰਹੀਆਂ ਹਨ। ਅਜਿਹੇ ਹਾਲਾਤ ਵਿੱਚ ਗੁਰਦੁਆਰਾ ਸਾਹਿਬਾਨ ਵੀ ਮਦਦ ਲਈ ਅੱਗੇ ਆ ਰਹੇ ਹਨ। ਨੌਇਡਾ ਸੈਕਟਰ-18 ਦੇ ਗੁਰੂ ਘਰ ਨੇ ਇਸ ਭਿਆਨਕ ਬੀਮਾਰੀ ’ਚ ਇੱਕ ਨੇਕ ਪਹਿਲ ਕੀਤੀ ਹੈ। ਇਸ ਗੁਰਦੁਆਰਾ ਸਾਹਿਬ ਨੇ ਕੋਰੋਨਾ ਦੇ ਮਰੀਜ਼ਾਂ ਨੂੰ ਖਾਣਾ ਖਵਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਹ ਗੁਰੂਘਰ ਮਰੀਜ਼ਾਂ ਨੂੰ ਖਾਣਾ ਪਹੁੰਚਾ ਰਿਹਾ ਹੈ। ਅਸੀਂ ਸਭ ਜਾਣਦੇ ਹਾਂ ਕਿ ਗੁਰੂਘਰ ਪਹਿਲਾਂ ਤੋਂ ਹੀ ਗੁਰੂ ਕਾ ਅਤੁੱਟ ਲੰਗਰ ਲਾਉਣ ਤੇ ਵਰਤਾਉਣ ਲਈ ਪ੍ਰਸਿੱਧ ਹਨ। ਹਜ਼ਾਰਾਂ-ਲੱਖਾਂ ਲੋਕ ਆਪਣੀ ਭੁੱਖ ਮਿਟਾਉਣ ਲਈ ਗੁਰੂਘਰਾਂ ਵਿੱਚ ਆ ਕੇ ਲੰਗਰ ਖਾਂਦੇ ਹਨ। ਪਰ ਇਸ ਦੌਰਾਨ ਨੌਇਡਾ ਦੇ ਸੈਕਟਰ-18 ਸਥਿਤ ਗੁਰਦੁਆਰਾ ਸਾਹਿਬ ਨੇ ਕੋਰੋਨਾ ਮਰੀਜ਼ਾਂ ਲਈ ਵੀ ਖਾਣੇ ਦਾ ਇੰਤਜ਼ਾਮ ਕੀਤਾ ਹੈ। ਖ਼ਬਰ ਏਜੰਸੀ ਏਐਨਆਈ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਨੌਇਡਾ ਦੇ ਇਸ ਗੁਰੂਘਰ ਦੇ ਹੈੱਡ ਗ੍ਰੰਥੀ ਨੇ ਦੱਸਿਆ ਕਿ ਕੋਰੋਨਾ ਦੇ ਉਹ ਮਰੀਜ਼ ਜੋ ਕੁਆਰੰਟੀਨ ਹਨ ਤੇ ਖਾਣਾ ਨਹੀਂ ਬਣਾ ਸਕ ਰਹੇ ਹਨ, ਉਹ ਉਨ੍ਹਾਂ ਲੋਕਾਂ ਨੂੰ ਖਾਣਾ ਬਣਾ ਕੇ ਭੇਜ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਇਹ ਕੰਮ ਸਤੰਬਰ 2020 ਤੋਂ ਕਰ ਰਹੇ ਹਨ ਪਰ ਤਦ ਇੰਨੀ ਜ਼ਰੂਰਤ ਨਹੀਂ ਸੀ, ਜਿੰਨੀ ਹੁਣ ਹੈ। ਗਵਾਲੀਅਰ ਦੇ ਰਾਧਾ ਸਵਾਮੀ ਭਵਨ ਨੇ ਕੋਰੋਨਾ ਮਰੀਜ਼ਾਂ ਲਈ ਆਪਣੇ ਭਵਨ ਨੂੰ ਹਸਪਤਾਲ ’ਚ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਮਰੀਜ਼ਾਂ ਲਈ ਆਪਣੇ ਭਵਨ ’ਚ 2,000 ਬਿਸਤਰਿਆਂ ਦਾ ਇੰਤਜ਼ਾਮ ਕੀਤਾ ਹੈ। ਦੇਸ਼ ਵਿੱਚ ਕੋਰੋਨਾ ਦੀ ਲਾਗ ਫੈਲਣ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ, ਜਿਸ ਕਾਰਨ ਹਾਲਾਤ ਬੇਕਾਬੂ ਹੋ ਰਹੇ ਹਨ। ਭਾਰਤ ’ਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 2,61,500 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦ ਕਿ 1,501 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।