ਸੈਸ਼ਨ ਜੱਜ ਲੁਧਿਆਣਾ ਨੇ ਬਾਲ ਘਰ ਧਾਮ ਤਲਵੰਡੀ ਖੁਰਦ ਦਾ ਕੀਤਾ ਦੌਰਾ
ਸੈਸ਼ਨ ਜੱਜ ਲੁਧਿਆਣਾ ਨੇ ਬਾਲ ਘਰ ਧਾਮ ਤਲਵੰਡੀ ਖੁਰਦ ਦਾ ਕੀਤਾ ਦੌਰਾ
ਲੁਧਿਆਣਾ, (ਸੁਖਚੈਨ ਮਹਿਰਾ, ਵਿਪੁਲ ਕਾਲੜਾ ) – ਪਿਛਲੇ ਦਹਾਕਿਆਂ ਤੋਂ ਧਾਰਮਿਕ ਤੇ ਸਮਾਜ ਸੇਵੀ ਸ਼ਖਸੀਅਤ ਸਵਾਮੀ ਸੰਕਰਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਐਸ.ਜੀ.ਬੀ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਵਲੋਂ ਨਿਯਮਾਂ ਦੀ ਪਾਲਣਾ ਕਰਦਿਆਂ ਸਰਕਾਰੀ ਕਾਰਜਾਂ ‘ਚ ਦਿੱਤਾ ਜਾ ਰਿਹਾ ਸਹਿਯੋਗ ਸ਼ਲਾਘਾਯੋਗ ਹੈ। ਮੌਜੂਦਾ ਸਮੇਂ ਜਦੋਂ ਸਮੁੱਚੀ ਦੁਨੀਆ ‘ਚ ਕੋਵਿਡ-19, ਕੋਰੋਨਾ ਮਹਾਂਮਾਰੀ ਦੀ ਦਹਿਸ਼ਤ ਹੈ, ਆਮ ਜਨਤਾ ਨੂੰ ਆਪਣੇ ਘਰਾਂ ਦੇ ਖਰਚੇ ਚਲਾਉਣੇ ਔਖੇ ਹੋਏ ਪਏ ਹਨ ਉੱਥੇ ਇਸ ਸੰਸਥਾ ਨੇ ਬਾਲ ਘਰ ਧਾਮ ਤਲਵੰਡੀ ਖੁਰਦ ਵਿਖੇ ਰਹਿ ਰਹੇ ਬੱਚਿਆਂ ਦੀ ਹਰ ਪੱਖੋਂ ਪੂਰਨ ਸੰਭਾਲ ਕੀਤੀ ਹੈ। ਇਨ੍ਹਾਂ ਵਿਚਾਰਾਂ ਦੀ ਪ੍ਰਗਟਾਵਾ ਗੁਰਬੀਰ ਸਿੰਘ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਨੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਦਾ ਦੌਰਾ ਕਰਨ ਸਮੇਂ ਕੀਤਾ। ਉਨਾਂ ਕਿਹਾ ਕਿ ਸਮਾਜ ‘ਚ ਨਵ-ਜਨਮੇ ਬੱਚਿਆਂ ਨੂੰ ਲਾਵਾਰਸ ਹਾਲਤ ਸੁੱਟਣ ਦੀਆਂ ਘਟਨਾਵਾਂ ਵਧ ਰਹੀਆਂ ਹਨ ਪ੍ਰੰਤੂ ਮੌਜੂਦਾ ਕੋਵਿਡ-19 ਦੌਰ ‘ਚ ਬਾਲ ਘਰ ਕੰਪਲੈਕਸ ‘ਚ ਬਣਾਏ ਗਏ ਆਈਸੋਲੇਸ਼ਨ ਵਾਰਡ, ਮੈਡੀਕਲ ਸੁਵਿਧਾਵਾਂ ਅਤੇ ਬੱਚਿਆਂ ਦੀ ਆਮ ਲੋਕਾਂ ਤੋਂ ਬਣਾਈ ਗਈ ਦੂਰੀ ਅਤੇ ਵਰਤੀਆਂ ਜਾ ਰਹੀਆਂ ਸਾਵਧਾਨੀਆਂ ‘ਤੇ ਤਸੱਲੀ ਪ੍ਰਗਟਾਉਂਦਿਆਂ ਪ੍ਰਬੰਧਕਾਂ ਨੂੰ ਹੱਲਾਸ਼ੇਰੀ ਦਿੱਤੀ। ਉਨ੍ਹਾਂ ਨਾਲ ਸ੍ਰੀਮਤੀ ਪ੍ਰੀਤੀ ਸੁਖੀਜਾ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਨੇ ਬੱਚਿਆਂ ਖ਼ਾਸਕਰ ਲੜਕੀਆਂ ਤੋਂ ਆਨ ਲਾਈਨ ਪੜ੍ਹਾਈ ਕਰਨ ਤੋਂ ਇਲਾਵਾ ਲੜਕੀਆਂ ਲਈ ਲੋੜੀਂਦੇ ਸਾਧਨਾਂ/ਸਹੂਲਤਾਂ ‘ਤੇ ਤਸੱਲੀ ਪ੍ਰਗਟ ਕਰਦਿਆਂ ਲੜਕੀਆਂ ਨੂੰ ਆਪਣੇ ਜੀਵਨ ‘ਚ ਕਾਮਯਾਬੀ ਪ੍ਰਾਪਤ ਕਰਨ ਦੀ ਨਸੀਹਤ ਦਿੱਤੀ। ਇਸ ਮੌਕੇ ਸਕੱਤਰ ਕੁਲਦੀਪ ਸਿੰਘ ਮਾਨ, ਬੀਬੀ ਜਸਬੀਰ ਕੌਰ ਪ੍ਰਧਾਨ ਫਾਊਂਡੇਸ਼ਨ, ਏਕਮਦੀਪ ਕੌਰ ਗਰੇਵਾਲ ਅਡਾਪਸ਼ਨ ਕੋਆਰਡੀਨੇਟਰ, ਮਨਿੰਦਰ ਸਿੰਘ ਮਾਜਰੀ ਆਦਿ ਹਾਜਰ ਸਨ।