ਕੋਰੋਨਾ ਟੈਸਟ ਲਈ ਸੀ.ਟੀ. ਸਕੈਨ ਨੂੰ ਨਾ ਦਿੱਤੀ ਜਾਵੇ ਤਵੱਜੋਂ……..
ਕੋਰੋਨਾ ਟੈਸਟ ਲਈ ਸੀ.ਟੀ. ਸਕੈਨ ਨੂੰ ਨਾ ਦਿੱਤੀ ਜਾਵੇ ਤਵੱਜੋਂ……..
ਲੁਧਿਆਣਾ, (ਸੁਖਚੈਨ ਮਹਿਰਾ, ਵਿਪੁਲ ਕਾਲੜਾ) – ਸੰਜੀਵਨੀ ਸਮੂਹ ਦੇ ਮਾਹਿਰ ਡਾਕਟਰਾਂ ਵੱਲੋਂ ਮੌਤ ਦੀ ਦਰ (ਸੀ.ਐੱਫ.ਆਰ.) ਨੂੰ ਘਟਾਉਣ ਦੇ ਉਦੇਸ਼ ਨਾਲ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਵਡ-19 ਦੇ ਇਲਾਜ ਲਈ ਡਾਕਟਰ ਦੀ ਸਲਾਹ ਤੋਂ ਬਗੈਰ ਸਟੀਰੌਇਡ ਦੀ ਵਰਤੋਂ ਘਾਤਕ ਸਾਬਤ ਹੋ ਸਕਦੀ ਹੈ।
ਸੰਜੀਵਨੀ ਡਾਕਟਰਾਂ ਦੇ ਸਮੂਹ, ਜਿਨ੍ਹਾਂ ਵਿਚ ਡਾ: ਬਿਸ਼ਵ ਮੋਹਨ, ਡਾ ਰਾਜੇਸ਼ ਮਹਾਜਨ, ਡਾ: ਐਚ.ਐਸ. ਪੰਨੂੰ, ਡਾ. ਮੈਰੀ ਜੌਨ ਅਤੇ ਡਾ: ਸੰਦੀਪ ਛਾਬੜਾ ਵੱਲੋਂ ਸਥਾਨਕ ਬਚਤ ਭਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਵੀ ਮੌਜੂਦ ਸਨ। ਡਾ: ਬਿਸ਼ਵ ਮੋਹਨ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲੋਕਾਂ ਨੂੰ ਸਲਾਹ ਦਿੱਤੀ ਕਿ ਡਾਕਟਰਾਂ ਦੀ ਸਲਾਹ ਲਏ ਬਿਨਾਂ ਸਟੀਰੌਇਡ ਅਤੇ ਹੋਰ ਦਵਾਈਆਂ ਦੀ ਵਰਤੋਂ ਨਾ ਕਰਨ, ਕਿਉਂਕਿ ਇਹ ਉਨ੍ਹਾਂ ਲਈ ਘਾਤਕ ਸਿੱਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਲਕੇ ਕੋਰੋਨਾ ਲੱਛਣਾਂ ਵਾਲੇ ਮਰੀਜ਼ਾਂ ਵੱਲੋਂ ਸਟੀਰੌਇਡ ਲੈਣ ਦੀਆਂ ਖ਼ਬਰਾਂ ਮਿਲੀਆਂ ਹਨ ਜਦਕਿ ਉਨ੍ਹਾਂ ਨੂੰ ਇਲਾਜ ਲਈ ਸਿਰਫ ਵਿਟਾਮਿਨ ਸੀ ਅਤੇ ਡੀ, ਜ਼ਿੰਕ, ਇੱਕ ਐਂਟੀ-ਐਲਰਜੀ ਜਾਂ ਹਲਕੇ ਐਂਟੀਬਾਇਓਟਿਕ ਵਰਗੀਆਂ ਸਧਾਰਣ ਦਵਾਈਆਂ ਦੀ ਜਰੂਰਤ ਹੁੰਦੀ ਹੈ ਅਤੇ ਜ਼ਿਆਦਾਤਰ ਲੋਕ ਆਪਣੇ ਆਪ ਹੀ ਠੀਕ ਹੋ ਜਾਂਦੇ ਹਨ।
ਡਾ: ਪੰਨੂੰ ਨੇ ਕਿਹਾ ਕਿ ਸਟੀਰੌਇਡਜ਼ ਇੱਕ ਦੋਹਰੀ ਤਲਵਾਰ ਵਾਂਗ ਹਨ ਜੋ ਸ਼ੁਰੂਆਤੀ ਤੌਰ ਤੇ ਰਾਹਤ ਦੇ ਸਕਦੀ ਹੈ ਪਰ ਬਾਅਦ ਵਿੱਚ ਇਹ ਇੱਕ ਕੋਵੀਡ-19 ਮਰੀਜ਼ ਦੀ ਸਥਿਤੀ ਨੂੰ ਵਿਗਾੜ ਦਿੰਦੀ ਹੈ ਅਤੇ ਇਹ ਆਕਸੀਜ਼ਨ ਦੇ ਲੈਵਲ ਨੂੰ ਘਟਾਉਂਦੀ ਹੈ ਜਿਸਦੇ ਨਤੀਜੇ ਵਜੋਂ ਡਾਕਟਰਾਂ ਵੱਲੋਂ ਮਰੀਜ਼ ਨੂੰ ਇੱਕ ਵੈਂਟੀਲੇਟਰ ਤੇ ਰੱਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਸ਼ੁਰੂਆਤੀ ਪੜਾਅ ਵਿੱਚ ਸਟੀਰੌਇਡ ਦੀ ਵਰਤੋਂ ਕਰਦੇ ਹਨ ਤਾਂ ਬਾਅਦ ਦੇ ਪੜਾਅ ਵਿੱਚ ਸਟੀਰੌਇਡ ਬੇਅਸਰ ਹੋ ਜਾਂਦੀ ਹੈ ਜਿਸ ਨਾਲ ਰੋਗੀ ਨੂੰ ਬਚਾਉਣ ਮੁਸ਼ਕਿਲ ਹੋ ਜਾਂਦਾ ਹੈ।
ਡਾਕਟਰ ਰਾਜੇਸ਼ ਮਹਾਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਕਸੀਮੀਟਰਾਂ ਦੀ ਵਰਤੋਂ ਕਰਕੇ ਆਪਣੇ ਆਕਸੀਜ਼ਨ ਲੈਵਲ ਦੀ ਨਿਗਰਾਨੀ ਕਰਦੇ ਰਹਿਣ ਅਤੇ ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਆਕਸੀਜ਼ਨ ਲੈਵਲ 95 ਪ੍ਰਤੀਸ਼ਤ ਤੋਂ ਘੱਟ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮਰੀਜ਼ ਦਾ ਆਕਸੀਜ਼ਨ ਲੈਵਲ 70-75 ਪ੍ਰਤੀਸ਼ਤ ਤੱਕ ਆ ਜਾਂਦਾ ਹੈ ਤਾਂ ਡਾਕਟਰ ਵੀ ਵੇਬੱਸ ਹੋ ਜਾਂਦੇ ਹਨ ਜਿਸ ਨਾਲ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।
ਡਾ: ਮੈਰੀ ਜੌਨ ਨੇ ਲੋਕਾਂ ਨੂੰ ਕੋਵਿਡ-19 ਦੇ ਵੱਧ ਤੋਂ ਵੱਧ ਟੈਸਟ ਕਰਾਉਣ ਦੀ ਅਪੀਲ ਕੀਤੀ ਕਿਉਂਕਿ ਇਹ ਮਹਾਂਮਾਰੀ ਨਾਲ ਲੜਨ ਦਾ ਇਕਲੌਤਾ ਰਸਤਾ ਹੈ। ੳਨ੍ਹਾਂ ਕਿਹਾ ਕਿ ਹੁਣ ਹੋਰ ਵੀ ਸਾਵਧਾਨੀ ਵਰਤਣ ਦੀ ਲੋੜ ਹੈ, ਕਿਉਂਕਿ ਡੇਂਗੂ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਹਲਕੇ ਲੱਛਣ ਹੋਣ ‘ਤੇ ਵੀ ਡਾਕਟਰਾਂ ਦੀ ਸਲਾਹ ਲੈਣੀ ਚਾਹੀਦੀ ਹੈ।
ਕੋਵਿਡ-19 ਜਾਂਚ ਕਰਨ ਲਈ ਪੀ.ਸੀ.ਆਰ. ਨੂੰ ਪਹਿਲੀ ਮੋਡਿਲੀਟੀ ਦੇ ਤੌਰ ਤੇ ਵਰਤੋਂ
ਡਾਕਟਰਾਂ ਦੀ ਟੀਮ ਨੇ ਕੋਵਿਡ -19 ਦੀ ਜਾਂਚ ਕਰਨ ਲਈ ਸੀ.ਟੀ. ਸਕੈਨ ਨੂੰ ਤਵੱਜਂੋ ਦੇਣ ਦੀ ਬਜਾਏ ਪੀ.ਸੀ.ਆਰ. ਕਰਾਉਣੀ ਚਾਹੀਦੀ ਹੈ। ਸੀ.ਟੀ. ਸਕੈਨ ਸਿਰਫ ਇੱਕ ਖਾਸ ਸਥਿਤੀ ਵਿੱਚ ਕਰਾਉਣ ਚਾਹੀਦੀ ਹੈ ਜਦੋਂ ਮਰੀਜ਼ ਦੀ ਕਲੀਨਿਕਲ ਸਥਿਤੀ ਅਤੇ ਪੀਸੀਆਰ ਰਿਪੋਰਟ ਮੇਲ ਨਾ ਖਾਂਦੀ ਹੋਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਡਾਕਟਰ ਦੀ ਸਲਾਹ ‘ਤੇ ਚੱਲਣ ਅਤੇ ਕੋਈ ਗਲਤ ਦਵਾਈ ਨਾ ਲੈਣ ਜਿਸ ਨਾਲ ਕਿ ਸਿਹਤ ਹੋਰ ਵਿਗੜ ਜਾਵੇ। ਉਨ੍ਹਾਂ ਕਿਹਾ ਕਿ ਇੱਕ ਸੁ਼ੱਭ ਸੰਕੇਤ ਹੈ ਕਿ ਕੌਵੀਡ-19 ਦੇ ਮਾਮਲਿਆਂ ਵਿੱਚ ਪਿਛਲੇ ਦਿਨਾਂ ਤੋਂ ਗਿਰਾਵਟ ਆਈ ਹੈ, ਪਰ ਲੋਕਾਂ ਨੂੰ ਦੂਜੀ ਲਹਿਰ ਤੋਂ ਬਚਣ ਲਈ ਸੂਬਾ ਸਰਕਾਰ ਵੱਲੋਂ ਜਾਰੀ ਕੋਰੋਨਾ ਨਾਲ ਸਬੰਧਤ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।