ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਹਰ ਪੱਧਰ ਤੇ ਵਿਰੋਧ ਕਰੇਗੀ ਆਜ਼ਾਦ ਸਮਾਜ ਪਾਰਟੀ: ਲਵਲੀ
https://www.youtube.com/watch?v=gTj7_zTAFQE
ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਹਰ ਪੱਧਰ ਤੇ ਵਿਰੋਧ ਕਰੇਗੀ ਆਜ਼ਾਦ ਸਮਾਜ ਪਾਰਟੀ: ਲਵਲੀ
ਲੁਧਿਆਣਾ, ( ਰਾਮ ਰਾਜਪੂਤ, ਸੁਖਚੈਨ ਮਹਿਰਾ ) ਆਜਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ, ਪਾਰਟੀ ਦੇ ਕੌਮੀ ਸਿਆਸੀ ਸਲਾਹਕਾਰ ਅਤੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਤੇ ਮਾਲਵਾ ਜ਼ੋਨ ਦੇ ਇੰਚਾਰਜ ਐਡਵੋਕੇਟ ਇੰਦਰਜੀਤ ਨੇ ਇੱਥੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਲਿਆਏ ਗਏ ਤਿੰਨ ਖੇਤੀ ਆਰਡੀਨੈਂਸਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਅਜਿਹੇ ਕਿਸਾਨ ਵਿਰੋਧੀ ਫੈਸਲੇ ਖਿਲਾਫ ਹਰ ਪੱਧਰ ਤੇ ਵਿਰੋਧ ਕਰਨ ਸਬੰਧੀ ਐਲਾਨ ਕੀਤਾ ਹੈ।
ਆਜਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਇਨ੍ਹਾਂ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਰਾਹੀਂ ਭਾਜਪਾ ਨੇ ਇਕ ਵਾਰ ਫਿਰ ਤੋਂ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਅਤੇ ਇਸਦੇ ਕਿਸਾਨਾਂ ਦੇ ਖਿਲਾਫ਼ ਹੈ, ਜਿਹਡ਼ੇ ਪੂਰੇ ਦੇਸ਼ ਦਾ ਢਿੱਡ ਭਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਇਨ੍ਹਾਂ ਆਰਡੀਨੈਂਸਾਂ ਰਾਹੀਂ ਕਿਸਾਨਾਂ ਦੇ ਹਿੱਤਾਂ ਨੂੰ ਨਿੱਜੀ ਸਰਮਾਏਦਾਰਾਂ ਦੇ ਹੱਥਾਂ ਵਿੱਚ ਸੌਂਪਣਾ ਚਾਹੁੰਦੀ ਹੈ। ਭਾਜਪਾ ਦੇ ਇਸ ਫੈਸਲੇ ਦਾ ਖ਼ੁਦ ਨੂੰ ਪੰਜਾਬੀਆਂ ਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਅਕ ਆਖਣ ਵਾਲੀ ਸ਼੍ਰੋਮਣੀ ਅਕਾਲੀ ਦਲ ਵੀ ਸਮਰਥਨ ਕਰ ਰਹੀ ਹੈ। ਜਿਸ ਵੱਲੋਂ ਲਏ ਗਏ ਇਸ ਫ਼ੈਸਲੇ ਦੇ ਕਾਰਨਾਂ ਬਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ, ਕਿਉਂਕਿ ਅਕਾਲੀ ਦਲ ਨੇ ਕੇਂਦਰ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਬਣਾ ਕੇ ਰੱਖਣਾ ਹੈ, ਭਾਵੇਂ ਇਸ ਵਾਸਤੇ ਸੂਬੇ ਦੇ ਕਿਸਾਨਾਂ ਦੇ ਹੱਕ ਵੀ ਕਿਉਂ ਨਾ ਗਹਿਣੇ ਰੱਖਣੇ ਪੈਣ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ 14 ਸਤੰਬਰ ਨੂੰ ਪਾਰਲੀਮੈਂਟ ਸੈਸ਼ਨ ਦੌਰਾਨ ਇਨ੍ਹਾਂ ਆਰਡੀਨੈਂਸਾਂ ਨੂੰ ਪਾਸ ਨਹੀਂ ਹੋਣ ਦਿੱਤਾ ਜਾਵੇਗਾ। ਆਜ਼ਾਦ ਸਮਾਜ ਪਾਰਟੀ ਕਿਸਾਨਾਂ ਦੇ ਹੱਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਇਨ੍ਹਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਹਰ ਪੱਧਰ ਤੇ ਵਿਰੋਧ ਕੀਤਾ ਜਾਵੇਗਾ।