ਬੀ. ਜੇ. ਪੀ.ਦੀ ਅੰਮ੍ਰਿਤਸਰ ਰੈਲੀ ਚ ਅਕਾਲੀ ਨਜ਼ਰ ਨਹੀਂ ਆਏ ……..
ਬੀ. ਜੇ. ਪੀ.ਦੀ ਅੰਮ੍ਰਿਤਸਰ ਰੈਲੀ ਚ ਅਕਾਲੀ ਨਜ਼ਰ ਨਹੀਂ ਆਏ ……..
ਅੰਮ੍ਰਿਤਸਰ ( ਹੀਰਾ ) ਅਮਿਤ ਸ਼ਾਹ ਨੇ ਅੰਮ੍ਰਿਤਸਰ ਵਿੱਚ ਰੈਲੀ ਕੀਤੀ। ਸੂਬੇ ਤੋਂ ਲੋਕ ਸਭਾ ਚੋਣ ਮੁਹਿੰਮ ਸ਼ੁਰੂ ਕਰਨ ਲਈ ਰੱਖੀ ਬੀਜੇਪੀ ਦੀ ਇਹ ਰੈਲੀ ਫਿੱਕੀ ਹੀ ਰਹੀ। ਹਾਲਾਂਕਿ, ਸ਼ਾਹ ਆਪਣੇ ਭਾਸ਼ਣ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਕਈ ਨਿਸ਼ਾਨੇ ਵੀ ਲਾ ਗਏ, ਪਰ ਪ੍ਰੋਗਰਾਮ ਸਮੇਂ ਸਿਰ ਨਾ ਚੱਲਣ ਕਰਕੇ ਉਹ ਗੱਲ ਨਾ ਬਣੀ। ਇਸ ਦੇ ਨਾਲ ਹੀ ਸ਼ਾਹ ਦੀ ਫੇਰੀ ਕਈ ਸਵਾਲ ਖੜ੍ਹੇ ਕਰ ਗਈ ਜਿਨ੍ਹਾਂ ਵਿੱਚ ਪੁਰਾਣੇ ਭਾਜਪਾਈਆਂ ਨੂੰ ਮੂੰਹ ਨਾ ਲਾਉਣਾ ਤੇ ਨਹੁੰ-ਮਾਸ ਦਾ ਦਾਅਵਾ ਕਰਨ ਵਾਲੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਗ਼ੈਰ ਹਾਜ਼ਰੀ ਸ਼ਾਮਲ ਹੈ।
ਦਰਅਸਲ, ਲੋਕ ਸਭਾ ਚੋਣਾਂ ਤੋਂ ਪਹਿਲਾਂ ਅਮਿਤ ਸ਼ਾਹ ਦੀ ਪੰਜਾਬ ਫੇਰੀ ਨੂੰ ਅੰਮ੍ਰਿਤਸਰ ਸੀਟ ਤੋਂ ਆਪਣਾ ਉਮੀਦਵਾਰ ਐਲਾਨਣ ਲਈ ਵਰਕਰਾਂ ਦੀ ਨਬਜ਼ ਟੋਹਣ ਲਈ ਰੱਖੀ ਗਈ ਸਮਝੀ ਜਾ ਰਹੀ ਸੀ, ਪਰ ਸ਼ਾਹ ਦੇ ਮੰਚ ਤੋਂ ਲੋਕ ਸਭਾ ਉਮੀਦਵਾਰ ਬਾਬਤ ਕੋਈ ਐਲਾਨ ਨਾ ਹੋਇਆ। ਇੰਨਾ ਜ਼ਰੂਰ ਹੋਇਆ ਕਿ ਬੀਜੇਪੀ ਤੋਂ ਟਿਕਟ ਦੀ ਆਸ ਲਾਈ ਬੈਠੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੀ ਫੱਟੀ ਪੋਚੀ ਗਈ।
ਸ਼ਾਹ ਦੇ ਪਹੁੰਚਣ ਤੋਂ ਪਹਿਲਾਂ ਹੀ ਜੋਸ਼ੀ ਦੇ ਪੋਸਟਰਾਂ ਨੂੰ ਹਟਾ ਦਿੱਤਾ ਗਿਆ। ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਹੁਰਾਂ ਨੂੰ ਵੀ ਸਟੇਜ ਨੇੜੇ ਨਹੀਂ ਲੱਗਣ ਦਿੱਤਾ ਗਿਆ। ਸਹਿਜੇ ਹੀ ਪਾਰਟੀ ਦੇ ਮੌਜੂਦਾ ਪ੍ਰਧਾਨ ਸ਼ਵੇਤ ਮਲਿਕ ਧੜੇ ਦੀ ਗੁਟਬੰਦੀ ਬਾਰੇ ਅੰਦਾਜ਼ਾ ਲਾਇਆ ਜਾ ਸਕਦਾ ਸੀ। ਜੰਮੂ ਵਿੱਚ ਰੈਲੀ ਉਪਰੰਤ ਸ਼ਾਹ ਦੇ ਅੰਮ੍ਰਿਤਸਰ ਪਹੁੰਚਣ ‘ਚ ਹੋਈ ਦੇਰੀ ਕਾਰਨ ਕਈ ਵਰਕਰ ਰੈਲੀ ‘ਚੋਂ ਚਲੇ ਗਏ ਸਨ।
ਅਜਿਹੇ ਵਿੱਚ ਸ਼ਾਹ ਵੀ ਫਟਾਫਟ ਆਪਣਾ ਭਾਸ਼ਣ ਦੇ ਕੇ ਚੱਲਦੇ ਬਣੇ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਤਿੰਨ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਭਾਜਪਾ ਦੇ ਹਿੱਸੇ ਆਉਂਦੀਆਂ ਹਨ ਜਦਕਿ ਬਾਕੀ 10 ਤੋਂ ਅਕਾਲੀ ਦਲ ਆਪਣੇ ਉਮੀਦਵਾਰ ਉਤਾਰਦਾ ਹੈ। ਅਮਿਤ ਸ਼ਾਹ ਦੀ ਅੱਜ ਦੀ ਰੈਲੀ ਮਗਰੋਂ ਇਹੋ ਸਾਹਮਣੇ ਆਉਂਦਾ ਹੈ ਕਿ ਬੀਜੇਪੀ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਉਮੀਦਵਾਰ ਐਲਾਨਣ ‘ਚ ਕੋਈ ਕਾਹਲੀ ਨਹੀਂ ਕਰਨਾ ਚਾਹੁਦੀ